ਭਾਰਤ ਨੇ ਵਿਖਾਈ ਦਰਿਆ-ਦਿਲੀ, ਕੱਲ੍ਹ ਰਿਹਾਅ ਕੀਤੇ ਜਾਣਗੇ ਪਾਕਿਸਤਾਨੀ ਕੈਦੀ
ਅਟਾਰੀ, (ਅੰਮ੍ਰਿਤਸਰ), 8 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਕਸ਼ਮੀਰ ਵਿਖੇ ਪਾਕਿਸਤਾਨੀ ਅੱਤਵਾਦੀਆਂ ਵਲੋਂ ਪਿਛਲੇ ਦਿਨੀਂ ਭਾਰਤ ਅੰਦਰ ਦਾਖਲ ਹੋ ਕੇ ਮਾਰੇ ਗਏ ਬੇਕਸੂਰ ਭਾਰਤੀਆਂ ਕਰਕੇ ਭਾਰਤ ਸਰਕਾਰ ਨੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਆਪਣੇ ਸਮੁੱਚੇ ਤਾਲੋਕਾਤ ਖਤਮ ਕਰ ਦਿੱਤੇ ਸਨ ਪਰ ਫਿਰ ਇਕ ਵਾਰ ਵੱਡੀ ਦਰਿਆ-ਦਿਲੀ ਵਿਖਾਉਂਦਿਆਂ ਭਾਰਤ ਨੇ 70 ਦੇ ਕਰੀਬ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ ਕੈਦੀਆਂ ਨੂੰ ਅਟਾਰੀ ਵਾਹਘਾ ਸਰਹੱਦ ਰਸਤੇ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਦੌਰਾਨ ਭਾਰਤ ਵਿਖੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਵੱਖ-ਵੱਖ ਸਰਹੱਦਾਂ ਤੋਂ ਪਾਕਿਸਤਾਨੀ ਨਾਗਰਿਕ ਜੋ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਖੇ ਬੰਦ ਸਨ, ਭਾਰਤ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਇਨ੍ਹਾਂ ਪਾਕਿਸਤਾਨੀ ਕੈਦੀਆਂ ਨੂੰ 9 ਸਤੰਬਰ ਕੱਲ੍ਹ ਦਿਨ ਮੰਗਲਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਉਨ੍ਹਾਂ ਦੇ ਵਤਨ ਪਾਕਿਸਤਾਨ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ।