ਤਰਨਾ ਦਲ ਨਿਹੰਗ ਜਥੇਬੰਦੀ ਵਲੋਂ ਬਠਿੰਡਾ-ਬਾਦਲ ਰੋਡ ਜਾਮ ਕਰਕੇ ਧਰਨਾ

ਸੰਗਤ ਮੰਡੀ, 8 ਸਤੰਬਰ (ਅੰਮ੍ਰਿਤਪਾਲ ਸ਼ਰਮਾ)-ਥਾਣਾ ਸੰਗਤ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਪਿਛਲੇ ਦਿਨੀਂ ਟਰੱਕ ਡਰਾਈਵਰ ਨਾਲ ਪਿੰਡ ਵਾਸੀਆਂ ਦੇ ਹੋਏ ਝਗੜੇ ਦੌਰਾਨ ਪਿੰਡ ਦੇ ਇਕ ਨਿਹੰਗ ਸਿੰਘ ਵੀ ਟਰੱਕ ਦੇ ਹੱਕ ਵਿਚ ਆ ਗਏ। ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਪਿੰਡ ਦੇ ਪੰਚਾਇਤ ਮੈਂਬਰ ਕੁਲਦੀਪ ਸਿੰਘ, ਗੁਰਦੀਪ ਸਿੰਘ ਅਤੇ ਪਿੰਡ ਵਾਸੀ ਗੁਰਤੇਜ ਸਿੰਘ ਨਾਲ ਨਿਹੰਗ ਸਿੰਘ ਦੀ ਤਕਰਾਰ ਹੋ ਗਈ। ਮਾਮਲਾ ਥਾਣਾ ਸੰਗਤ ਵਿਖੇ ਪਹੁੰਚ ਗਿਆ, ਜਿਥੇ ਨਿਹੰਗ ਜਥੇਬੰਦੀ ਤਰਨਾ ਦਲ ਵਲੋਂ ਘੋੜਿਆਂ ਲਈ 150 ਕੁਇੰਟਲ ਛੋਲਿਆਂ ਦੀ ਸੇਵਾ ਦੀ ਮੰਗ ਕੀਤੀ ਗਈ ਪਰ 80 ਕੁਇੰਟਲ ਛੋਲਿਆਂ ਨਾਲ ਮਾਮਲਾ ਨਿਪਟਾਉਣ ਦੀ ਸਹਿਮਤੀ ਨਾਲ ਫੈਸਲਾ ਹੋ ਗਿਆ।
ਜਾਣਕਾਰੀ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਛੋਲਿਆਂ ਦੀ ਰਕਮ ਬਾਰੇ ਜਮ੍ਹਾ ਘਟਾਓ ਕੀਤਾ ਤਾਂ ਰਕਮ 8 ਲੱਖ ਦੇ ਕਰੀਬ ਬਣ ਜਾਣ ਉਤੇ ਹੋਸ਼ ਉੱਡ ਗਏ ਅਤੇ ਇੰਨੀ ਰਕਮ ਦੇਣ ਤੋਂ ਉਨ੍ਹਾਂ ਕਿਨਾਰਾ ਕਰ ਲਿਆ। ਹੁਣ ਜਥੇਬੰਦੀ ਵਲੋਂ ਕਾਨੂੰਨੀ ਕਾਰਵਾਈ ਲਈ ਪੁਲਿਸ ਉਤੇ ਦਬਾਅ ਬਣਾਉਣ ਲਈ ਬਠਿੰਡਾ-ਬਾਦਲ ਰੋਡ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਹੈ।