ਪੁਰਾਣੀ ਸਬਜ਼ੀ ਮੰਡੀ ਵਿਖੇ ਨਾਜਾਇਜ਼ ਖੋਖੇ ਢਾਹੁਣ ਗਈ ਨਿਗਮ ਦੀ ਟੀਮ ਦਾ ਦੁਕਾਨਦਾਰਾਂ ਵਲੋਂ ਵਿਰੋਧ

ਕਪੂਰਥਲਾ, 8 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਸਬਜ਼ੀ ਮੰਡੀ ਵਿਖੇ ਸਾਗਰ ਰਤਨ ਹੋਟਲ ਦੇ ਸਾਹਮਣੇ ਬਣੇ ਅੱਠ ਖੋਖਿਆਂ ਜਿਸਦਾ ਮਾਣਯੋਗ ਅਦਾਲਤ ਵਿਚ ਨਗਰ ਨਿਗਮ ਨਾਲ ਕੇਸ ਚੱਲ ਰਿਹਾ ਸੀ ਤੇ ਕੇਸ ਜਿੱਤਣ ਉਪਰੰਤ ਅੱਜ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਨਿਗਮ ਦੀ ਟੀਮ ਕਬਜ਼ਾ ਲੈਣ ਗਈ ਤੇ ਜਦੋਂ ਜੇ.ਸੀ.ਬੀ. ਮਸ਼ੀਨ ਨਾਲ ਖੋਖੇ ਢਾਹੁਣ ਲੱਗੀ ਤਾਂ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕਬਜ਼ਾ ਲੈਣ ਪਹੁੰਚੇ ਨਿਗਮ ਦੇ ਤਹਿ-ਬਾਜ਼ਾਰੀ ਇੰਸਪੈਕਟਰ ਮਨੋਜ ਰੱਤੀ ਤੇ ਹਾਊਸ ਟੈਕਸ ਦੇ ਇੰਸਪੈਕਟਰ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਵਿਚ ਕਥਿਤ ਤੌਰ 'ਤੇ ਨਾਜਾਇਜ਼ ਬਣੇ 8 ਖੋਖਿਆਂ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਜਿਸ ਦਾ ਫ਼ੈਸਲਾ ਨਿਗਮ ਦੇ ਹੱਕ ਵਿਚ ਆਉਣ 'ਤੇ ਉਹ ਆਪਣੀ ਟੀਮ ਤੇ ਜੇ.ਸੀ.ਬੀ. ਲੈ ਕੇ ਕਬਜ਼ਾ ਲੈਣ ਆਏ ਸੀ, ਜਦੋਂ ਉਨ੍ਹਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤੇ ਬਾਅਦ ਵਿਚ ਦੁਕਾਨਦਾਰਾਂ ਨੇ ਆਪਣਾ ਸਾਮਾਨ ਕੱਢਣ ਵਾਸਤੇ ਇਕ ਦਿਨ ਦਾ ਸਮਾਂ ਮੰਗਿਆ ਹੈ, ਜਿਸ 'ਤੇ ਉਨ੍ਹਾਂ ਕਾਰਵਾਈ ਰੋਕ ਦਿੱਤੀ ਹੈ ਤੇ ਖੋਖੇ ਖ਼ਾਲੀ ਕਰਨ ਉਪਰੰਤ ਨਿਗਮ ਵਲੋਂ ਕਬਜ਼ਾ ਲੈ ਲਿਆ ਜਾਵੇਗਾ। ਇਸ ਮੌਕੇ ਕਰਨਵੀਰ ਮੌਂਟੀ, ਦੀਪਕ ਤੇ ਪੀ.ਸੀ.ਆਰ. ਟੀਮ ਮੌਜੂਦ ਸੀ।