ਹਾਕੀ ਓਲੰਪੀਅਨ ਯੁਗਰਾਜ ਜੋਗਾ ਦਾ ਘਰ ਅਟਾਰੀ ਪੁੱਜਣ 'ਤੇ ਨਿੱਘਾ ਸਵਾਗਤ

ਅਟਾਰੀ, (ਅੰਮ੍ਰਿਤਸਰ), 8 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਏਸ਼ੀਆ ਹਾਕੀ ਕੱਪ ਵਿਚ ਅੱਠ ਸਾਲ ਬਾਅਦ ਦੱਖਣੀ ਕੋਰੀਆ ਨੂੰ ਹਰਾ ਕੇ ਮਿਲੀ ਵੱਡੀ ਜਿੱਤ ਤੋਂ ਬਾਅਦ ਆਪਣੇ ਗ੍ਰਹਿ ਕਸਬਾ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੁੱਜੇ ਹਾਕੀ ਓਲੰਪੀਅਨ ਯੁਗਰਾਜ ਸਿੰਘ ਜੋਗਾ ਦਾ ਗ੍ਰਹਿ ਪਹੁੰਚਣ ਉਤੇ ਢੋਲ ਨਾਲ ਸਵਾਗਤ ਕੀਤਾ ਗਿਆ I ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਵਿਖੇ ਪੁੱਜੇ ਸਨ ਜਿਥੇ ਉਨ੍ਹਾਂ ਦੇ ਪਰਿਵਾਰ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਇਥੋਂ ਲੈ ਕੇ ਆਪਣੇ ਘਰਾਂ ਨੂੰ ਰਵਾਨਾ ਹੋਏ ਸਨ।
ਭਾਰਤੀ ਹਾਕੀ ਖਿਡਾਰੀ ਜੁਗਰਾਜ ਸਿੰਘ ਜੋਗਾ ਦਾ ਗ੍ਰਹਿ ਅਟਾਰੀ ਵਿਖੇ ਪਹੁੰਚਣ ਉਤੇ ਹਾਕੀ ਪ੍ਰੇਮੀ ਤੇ ਖਾਸ ਕਰਕੇ ਅਟਾਰੀ ਹਾਕੀ ਗਰਾਊਂਡ ਦੇ ਛੋਟੇ-ਵੱਡੇ ਖਿਡਾਰੀਆਂ ਵਲੋਂ ਹਾਕੀ ਖਿਡਾਰੀ ਜੋਗਾ ਦੇ ਗ੍ਰਹਿ ਵਿਖੇ ਪਹੁੰਚ ਕੇ ਢੋਲ ਦੀ ਤਾਲ ਉਤੇ ਭੰਗੜੇ ਪਾ ਕੇ ਲੱਡੂਆਂ ਨਾਲ ਮੂੰਹ ਮਿੱਠੇ ਕਰਵਾ ਕੇ ਸਵਾਗਤ ਕੀਤਾ I ਇਸ ਮੌਕੇ ਓਲੰਪੀਅਨ ਯੁਗਰਾਜ ਸਿੰਘ ਜੋਗਾ ਦੇ ਪਿਤਾ ਸੁਰਜੀਤ ਸਿੰਘ, ਚਾਚਾ ਸੁਬੇਗ ਸਿੰਘ, ਮਾਤਾ ਸਰਬਜੀਤ ਕੌਰ ਨੇ ਸਾਂਝੇ ਤੌਰ ਉਤੇ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਅੱਜ ਬਹੁਤ ਵੱਡੀ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਦੀ ਹਾਕੀ ਦਾ ਨਾਮ ਰੌਸ਼ਨ ਕਰਕੇ ਘਰ ਪਰਤਿਆ ਹੈ। ਉਨ੍ਹਾਂ ਕਿਹਾ ਕਿ ਜੁਗਰਾਜ ਸਿੰਘ ਜੋਗਾ ਬਾਕੀ ਹਾਕੀ ਖਿਡਾਰੀਆਂ ਦੇ ਨਾਲ ਅਗਾਂਹ ਵੀ ਓਲੰਪੀਅਨ ਹਾਕੀ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕਰਕੇ ਦੁਨੀਆ ਭਰ ਵਿਚ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ I ਇਸ ਦੌਰਾਨ ਜੁਗਰਾਜ ਸਿੰਘ ਨੂੰ ਵਧਾਈ ਦੇਣ ਵਾਲਿਆਂ ਵਿਚ ਹਾਕੀ ਕੋਚ ਅਮਰਜੀਤ ਸਿੰਘ ਸ਼ਿੰਦਾ, ਕੋਚ ਹਰਚੰਦ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕਵਲਜੀਤ ਸਿੰਘ ਕਵਲ, ਅਰਸ਼ਦੀਪ ਸਿੰਘ, ਗਰੀਸ਼ ਦੁੱਗਲ, ਕੀਰਤਪਾਲ ਸਿੰਘ ਟੈਲੀ, ਕੋਚ ਨਵਜੀਤ ਸਿੰਘ, ਧਰਮਜੀਤ ਸਿੰਘ ਸਮੇਤ ਹਾਕੀ ਗਰਾਊਂਡ ਦੇ ਖਿਡਾਰੀ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।