JALANDHAR WEATHER

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਧਾਮੀ ਵਲੋਂ ਹੜ੍ਹ ਪੀੜਤਾਂ ਨੂੰ ਡੀਜ਼ਲ ਦੇਣ ਦੀ ਸ਼ੁਰੂਆਤ

ਖੇਮਕਰਨ, 18 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵਲੋਂ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿਚ ਪ੍ਰਭਾਵਿਤ ਕਿਸਾਨਾਂ ਨੂੰ 8 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਸਰਹੱਦੀ ਖੇਤਰ ਵਿਚ ਪਿੰਡ ਮਹਿੰਦੀਪੁਰ ਵਿਚ ਸਰਹੱਦ ਉਤੇ ਸਥਿਤ ਗੁਰਦੁਆਰਾ ਬਾਬਾ ਸਾਹਿਬ ਸਿੰਘ ਸ਼ਹੀਦ ਵਿਚ ਹੋਏ ਧਾਰਮਿਕ ਸਮਾਗਮ ਵਿਚ ਪਿੰਡਾਂ ਵਾਸੀਆਂ ਦੇ ਭਾਰੀ ਇਕੱਠ ਵਿਚ ਕਰਦੇ ਹੋਏ 6 ਹਜ਼ਾਰ ਲੀਟਰ ਡੀਜ਼ਲ ਪਿੰਡ ਦੇ ਕਿਸਾਨਾਂ ਦੇ ਟਰੈਕਟਰਾਂ ਵਿਚ ਆਪਣੇ ਹੱਥੀਂ ਭਰ ਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਵਿਚ ਘਿਰਿਆ ਹੋਇਆ ਹੈ। ਸਰਹੱਦ ਦੇ ਨਾਲ ਕੰਡਿਆਲੀ ਤਾਰ ਦੇ ਨਾਲ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਇਥੇ ਪਾਕਿਸਤਾਨ ਤਰਫੋਂ ਸਤਲੁਜ ਦਰਿਆ ਦਾ ਪਾਣੀ ਆ ਕੇ ਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਵਿਚ ਸ਼੍ਰੋਮਣੀ ਕਮੇਟੀ ਕਿਸਾਨਾਂ ਨਾਲ ਹੈ ਕਿਉਂਕਿ ਕਿਸਾਨ ਹੀ ਆਪਣੀ ਜਿਣਸ ਵਿਚੋਂ ਹਰ ਸੀਜ਼ਨ ਵਿਚ ਕਣਕ ਤੇ ਝੋਨਾ ਭੇਜ ਕੇ ਸ਼੍ਰੋਮਣੀ ਕਮੇਟੀ ਦੀ ਮਦਦ ਕਰਦੇ ਆ ਰਹੇ ਹਨ। ਇਸ ਕਰਕੇ ਹੁਣ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ। ਜਦੋਂ ਹੜ੍ਹ ਆਏ ਤੁਰੰਤ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਦਾ ਪ੍ਰਬੰਧ ਕਰਵਾਇਆ ਗਿਆ ਤੇ ਅੱਜ ਵੀ ਡੀਜ਼ਲ ਦੀਆਂ ਟੈਂਕੀਆਂ ਨਾਲ ਲੈ ਕੇ ਆਏ ਹਨ।

ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਹੈ, ਉਹ ਕੰਮ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਰ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਕੋਲ ਅਗਲੀ ਕਣਕ ਦੀ ਫਸਲ ਦੀ ਬੀਜਾਈ ਲਈ ਕੋਈ ਪ੍ਰਬੰਧ ਨਹੀਂ, ਉਨ੍ਹਾਂ ਕਿਸਾਨਾਂ ਨੂੰ ਚੰਗਾ ਬੀਜ ਤੇ ਹੋਰ ਸਾਰਾ ਕੁਝ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਜਾਵੇਗਾ ਤੇ ਬੱਚਿਆਂ ਦੀ ਪੜ੍ਹਾਈ ਲਈ ਕਿਤਾਬਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਯੂਥ ਆਗੂ ਗੋਰਵਦੀਪ ਸਿੰਘ ਵਲਟੋਹਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ