ਜੰਮੂ ਕਸ਼ਮੀਰ: ਅੱਤਵਾਦ ਨਾਲ ਸੰਬੰਧਿਤ ਮਾਮਲੇ ’ਚ ਇਕ ਲੋੜੀਂਦਾ ਦੋਸ਼ੀ ਕਾਬੂ

ਸ੍ਰੀਨਗਰ, 19 ਸਤੰਬਰ (ਰਵੀ)- ਇਕ ਵੱਡੀ ਸਫ਼ਲਤਾ ਵਿਚ ਜੰਮੂ-ਕਸ਼ਮੀਰ ਪੁਲਿਸ ਦੀ ਸੀ.ਆਈ.ਡੀ.-ਕਾਊਂਟਰ ਇੰਟੈਲੀਜੈਂਸ ਜੰਮੂ (ਸੀਆਈਡੀ-ਸੀਆਈਜੇ) ਨੇ ਅੱਤਵਾਦ ਨਾਲ ਸੰਬੰਧਿਤ ਇਕ ਮਹੱਤਵਪੂਰਨ ਮਾਮਲੇ ਵਿਚ ਇਕ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਮੁਹੰਮਦ ਰਫੀਕ ਸ਼ੇਖ ਪੁੱਤਰ ਗੁਲਾਮ ਮੁਹੰਮਦ ਸ਼ੇਖ ਵਜੋਂ ਹੋਈ ਹੈ, ਜੋ ਕਿ ਚੱਕਰਭਾਟੀ, ਭਦਰਵਾਹ, ਜ਼ਿਲ੍ਹਾ ਡੋਡਾ ਦਾ ਰਹਿਣ ਵਾਲਾ ਹੈ। ਦੋਸ਼ੀ ਜੰਮੂ ਪੁਲਿਸ ਸਟੇਸ਼ਨ (ਜੇਆਈਸੀ) ਵਿਚ ਦਰਜ ਇਕ ਗੰਭੀਰ ਅੱਤਵਾਦ ਮਾਮਲੇ ਵਿਚ ਲੋੜੀਂਦਾ ਸੀ ਅਤੇ ਅਦਾਲਤੀ ਸੁਣਵਾਈ ਦੌਰਾਨ ਲੰਬੇ ਸਮੇਂ ਤੋਂ ਫ਼ਰਾਰ ਸੀ।
ਸੂਤਰਾਂ ਅਨੁਸਾਰ ਸਹੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸੀ.ਆਈ.ਡੀ.-ਸੀ.ਆਈ.ਜੇ. ਦੀ ਵਿਸ਼ੇਸ਼ ਭਗੌੜਾ ਟਰੈਕਿੰਗ ਟੀਮ ਨੇ ਜੰਮੂ ਦੇ ਬੱਸ ਸਟੈਂਡ ’ਤੋਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਇਹ ਕਾਰਵਾਈ ਤੇਜ਼ੀ ਨਾਲ ਅਤੇ ਬਹੁਤ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਅੱਤਵਾਦ ਵਿਰੋਧੀ ਯਤਨਾਂ ਵਿਚ ਇਕ ਮਹੱਤਵਪੂਰਨ ਸਫ਼ਲਤਾ ਹੈ ਅਤੇ ਇਸ ਤੋਂ ਅੱਗੇ ਦੀ ਜਾਂਚ ਲਈ ਕਈ ਮਹੱਤਵਪੂਰਨ ਸੁਰਾਗ ਮਿਲਣ ਦੀ ਉਮੀਦ ਹੈ।