ਅਮਰੀਕਾ: ਫ਼ੌਜ ਦੇ ਤਬਾਹ ਹੋਏ ਹੈਲੀਕਾਪਟਰ ਵਿਚ ਸਵਾਰ 4 ਫ਼ੌਜੀਆਂ ਦੀ ਮੌਤ
ਸੈਕਰਾਮੈਂਟੋ, ਕੈਲੀਫੋਰਨੀਆ, 20 ਸਤੰਬਰ (ਹੁਸਨ ਲੜੋਆ ਬੰਗਾ)- ਤਬਾਹ ਹੋਏ ਫੌਜ ਦੇ ਹੈਲੀਕਾਪਟਰ ਵਿਚ ਸਵਾਰ 4 ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹੈਲੀਕਾਪਟਰ ਦਾ ਵਾਸ਼ਿੰਗਟਨ ਨੇੜੇ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਯੂ. ਐਸ. ਆਰਮੀ ਵਿਸ਼ੇਸ਼ ਆਪ੍ਰੇਸ਼ਨ ਕਮਾਂਡ ਪਬਲਿਕ ਅਫ਼ੇਅਰ ਦਫ਼ਤਰ ਅਨੁਸਾਰ ਤਬਾਹ ਹੋਏ ਬਲੈਕ ਹਾਕ ਹੈਲੀਕਾਪਟਰ ਵਿਚ 4 ਸੈਨਿਕ ਸਵਾਰ ਸਨ। ਸਮਝਿਆ ਜਾਂਦਾ ਹੈ ਕਿ ਇਹ ਸਾਰੇ ਮਾਰੇ ਗਏ ਹਨ। ਫੌਜ ਨੇ ਮਾਰੇ ਗਏ ਜਵਾਨਾਂ ਦੇ ਨਾਂਅ ਅਜੇ ਜਨਤਕ ਨਹੀਂ ਕੀਤੇ ਹਨ। ਲੈਫਟੀਨੈਂਟ ਜਨਰਲ ਜੋਨਾਥਨ ਬਰਾਗਾ ਨੇ ਜਾਰੀ ਇਕ ਬਿਆਨ ਵਿਚ ਸ਼ਹੀਦ ਫ਼ੌਜੀਆਂ ਦੇ ਪੀੜਤ ਪਰਿਵਾਰਾਂ ਤੇ ਮਿੱਤਰਾਂ-ਦੋਸਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹੀਦ ਫ਼ੌਜੀਆਂ ਦੀ ਫ਼ੌਜ ਲਈ ਵੱਡੀ ਅਹਿਮੀਅਤ ਸੀ ਤੇ ਉਨਾਂ ਦੇ ਬਲਿਦਾਨ ਨੂੰ ਭੁਲਾਇਆ ਨਹੀਂ ਜਾਵੇਗਾ।