ਔਰਤ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰਕ ਮੈਂਬਰਾਂ ਜਤਾਇਆ ਕਤਲ ਕੀਤੇ ਜਾਣ ਦਾ ਖਦਸ਼ਾ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 26 ਸਤੰਬਰ (ਅਵਤਾਰ ਸਿੰਘ ਰੰਧਾਵਾ)- ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਬਾਰਾਲੀ ਕਲਾਂ ਦੀ ਕਰੀਬ 60 ਸਾਲਾਂ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੇ ਦਿਨ ਔਰਤ ਸਵਰਨ ਕੌਰ ਪਤਨੀ ਸਵ. ਮਹਿੰਦਰ ਸਿੰਘ ਵਾਸੀ ਪੱਬਾਰਾਲੀ ਕਲਾਂ, ਜੋ ਕਿ ਘਰੋਂ ਸਵੇਰੇ 9 ਵਜੇ ਦਵਾਈ ਅਤੇ ਪੈਨਸ਼ਨ ਲੈਣ ਲਈ ਗਈ ਸੀ, ਜਿਸ ਦੇ ਵਾਪਸ ਨਾ ਮੁੜਨ ’ਤੇ ਪਰਿਵਾਰ ਵਲੋਂ ਬਹੁਤ ਭਾਲ ਕੀਤੀ ਗਈ, ਪਰ ਬੀਤੀ ਰਾਤ ਉਹ ਕਿਤੋਂ ਨਹੀਂ ਮਿਲੀ।
ਅੱਜ ਸਵੇਰੇ ਪਰਿਵਾਰ ਨੂੰ ਪਤਾ ਲੱਗਾ ਕਿ ਉਕਤ ਔਰਤ ਦੀ ਲਾਸ਼ ਮਾਲੇਵਾਲ ਪੁੱਲ ਤੋਂ ਥੋੜੀ ਦੂਰੀ ’ਤੇ ਪਈ ਹੈ। ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਪਛਾਣ ਉਕਤ ਸਵਰਨ ਕੌਰ ਵਜੋਂ ਹੋਈ। ਸੰਬੰਧਿਤ ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵਲੋਂ ਔਰਤ ਦੇ ਕਤਲ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਡੂੰਘਾਈ ਨਾਲ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।