ਅੱਗ ਲੱਗਣ ਨਾਲ ਮਹਿਲਾ ਸਮੇਤ ਚਾਰ ਦੀ ਮੌਤ

ਰਾਜਪੁਰਾ, (ਪਟਿਆਲਾ), 26 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਭੋਗਲਾਂ ਰੋਡ ’ਤੇ ਅੱਗ ਲੱਗਣ ਕਾਰਨ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਕਾਫ਼ੀ ਦਰਦਨਾਕ ਮੰਜਰ ਵਿਖਾਈ ਦੇ ਰਿਹਾ ਹੈ।
‘ਅਜੀਤ’ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਅਜੇ ਤੱਕ ਅਸਲ ਸਚਾਈ ਦਾ ਪਤਾ ਨਹੀਂ ਲੱਗ ਸਕਿਆ ਹੈ। ਮੁਹੱਲਾ ਵਾਸੀਆਂ ਦੇ ਦੱਸਣ ਅਨੁਸਾਰ ਇਹ ਸਾਰੇ ਵਿਅਕਤੀ ਬਿਹਾਰ ਤੋਂ ਸਨ ਅਤੇ ਇਨ੍ਹਾਂ ਦੇ ਨਾਂਅ ਸਰਵਣ, ਲਲਨ ਅਤੇ ਰਾਧਾ ਰਾਣੀ ਪਤਾ ਲੱਗਾ ਹੈ ਪਰ ਚੌਥੇ ਵਿਅਕਤੀ ਦਾ ਨਾਮ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਤੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।