ਵਿਆਹੁਤਾ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ 'ਤੇ ਰੋਸ ਪ੍ਰਦਰਸ਼ਨ

ਚੋਗਾਵਾਂ/ਅੰਮ੍ਰਿਤਸਰ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਪਿੰਡ ਆਲਮਪੁਰ ਵਿਖੇ ਡੇਢ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ਉਤੇ ਇਕ ਵਿਆਹੁਤਾ ਔਰਤ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ ਗਈ ਸੀ। ਥਾਣਾ ਭਿੰਡੀਸੈਦਾਂ ਦੀ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਹੁਣ ਡੇਢ ਮਹੀਨਾ ਬੀਤ ਜਾਣ 'ਤੇ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਉਤੇ ਅੱਜ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਅਤੇ ਸਿੰਘ ਸਾਹਿਬ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਬਾਬਾ ਹਰਪ੍ਰੀਤ ਸਿੰਘ ਤਰਨਾ ਦਲ, ਵਿੱਕੀ ਸ਼ਰਮਾ ਕੌਮੀ ਚੇਅਰਮੈਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ, ਰਣਜੀਤ ਸਿੰਘ ਡੱਲੇਕੇ, ਦਲਜਿੰਦਰ ਸਿੰਘ, ਮਨਜੀਤ ਕੌਰ, ਸਰਪੰਚ ਸਾਉਣ ਸਿੰਘ ਸ਼ਹੂਰਾ, ਹਰਜੀਤ ਸਿੰਘ ਆਦਿ ਦੀ ਰੋਹ ਭਰੀ ਮੀਟਿੰਗ ਹੋਈ।
ਇਸ ਮੌਕੇ ਬਾਬਾ ਹਰਪ੍ਰੀਤ ਸਿੰਘ, ਵਿੱਕੀ ਸ਼ਰਮਾ ਆਦਿ ਨੇ ਕਿਹਾ ਕਿ ਪਿੰਡ ਸਹੂਰਾ ਦੀ ਕਮਲਪ੍ਰੀਤ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਆਲਮਪੁਰ ਦੇ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਨਾਲ ਹੋਇਆ ਸੀ। ਉਸ ਦੇ ਘਰ ਇਕ ਲੜਕੇ ਨੇ ਵੀ ਜਨਮ ਲਿਆ। ਜੋ ਹੁਣ 11 ਮਹੀਨਿਆਂ ਦਾ ਹੈ। ਕਮਲਪ੍ਰੀਤ ਕੌਰ ਦਾ ਪਤੀ ਵਿਦੇਸ਼ ਰਹਿੰਦਾ ਹੈ। ਉਸ ਦਾ ਨਨਾਣਵਈਆ ਜਗਦੀਸ਼ ਸਿੰਘ ਜੋ ਵਿਦੇਸ਼ ਰਹਿੰਦਾ ਸੀ, ਕਮਲਪ੍ਰੀਤ ਕੌਰ ਨੂੰ ਤੰਗ- ਪਰੇਸ਼ਾਨ ਕਰਦਾ ਸੀ। ਇਸ ਸਬੰਧੀ ਉਸਨੇ ਆਪਣੇ ਸਹੁਰੇ ਜਸਵੰਤ ਸਿੰਘ, ਸੱਸ ਸੁਖਵਿੰਦਰ ਕੌਰ ਅਤੇ ਨਣਾਨ ਰਮਨਜੀਤ ਕੌਰ ਨੂੰ ਜਾਣੂ ਕਰਵਾਇਆ ਪਰ ਉਸ ਦੀ ਕਿਸੇ ਨਾ ਸੁਣੀ। ਉਸ ਦਾ ਨਨਾਣਵਈਆ ਹੁਣ ਵਾਪਸ ਪੰਜਾਬ ਆਇਆ ਹੋਇਆ ਸੀ। ਉਸਨੇ ਕਮਲਪ੍ਰੀਤ ਕੌਰ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ ਤੇ ਬੀਤੀ 15 ਅਗਸਤ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ।
ਥਾਣਾ ਭਿੰਡੀ ਸੈਦਾਂ ਦੀ ਪੁਲਿਸ ਨੇ ਇਸ ਸੰਬੰਧੀ ਜਗਜੀਤ ਸਿੰਘ, ਰਮਨਪ੍ਰੀਤ ਕੌਰ, ਗੁਰਸੇਵਕ ਸਿੰਘ, ਜਸਵੰਤ ਸਿੰਘ ਤੇ ਸੁਖਵਿੰਦਰ ਕੌਰ ਖਿਲਾਫ 108 ਬੀ.ਐਨ.ਐਸ. ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਦੋਸ਼ੀਆਂ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਥਾਣਾ ਭਿੰਡੀਸੈਦਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਥਾਣਾ ਭਿੰਡੀਸੈਦਾਂ ਦੇ ਮੁਖੀ ਸਤਨਾਮ ਸਿੰਘ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਹੈ ਪਰ ਦੋਸ਼ੀ ਘਰ ਨਹੀਂ ਮਿਲੇ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।