JALANDHAR WEATHER

ਠੇਕੇ 'ਤੇ ਲਈ ਪੰਚਾਇਤੀ ਜ਼ਮੀਨ 'ਚ ਬੀਜੀ ਫਸਲ ਨੂੰ ਧੱਕੇ ਨਾਲ ਵੱਢਣ ਦੇ ਲਗਾਏ ਦੋਸ਼

ਚੋਗਾਵਾਂ/ਅੰਮ੍ਰਿਤਸਰ, 30 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਵਿਖੇ ਠੇਕੇ ਲਈ ਪੰਚਾਇਤੀ ਜ਼ਮੀਨ 'ਚ ਬੀਜੀ ਝੋਨੇ ਦੀ ਫਸਲ ਨੂੰ ਸਿਆਸੀ ਸ਼ਹਿ ਉਤੇ ਧੱਕੇ ਨਾਲ ਵੱਢ ਕੇ ਲਿਜਾਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਦੋਸ਼ ਲਗਾਉਂਦਿਆਂ ਰਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਚੋਗਾਵਾਂ ਨੇ ਕਿਹਾ ਕਿ ਉਨ੍ਹਾਂ ਨੇ 6 ਮਹੀਨੇ ਪਹਿਲਾਂ ਡੇਢ ਏਕੜ ਪੰਚਾਇਤੀ ਜ਼ਮੀਨ ਪੰਚਾਇਤ ਦੀ ਹਾਜ਼ਰੀ ਵਿਚ 68 ਹਜ਼ਾਰ ਰੁਪਏ ਦੀ ਓਪਨ ਬੋਲੀ ਦੇ ਕੇ ਲਈ ਸੀ। ਜ਼ਮੀਨ ਠੇਕੇ ਉਤੇ ਲੈਣ ਸੰਬੰਧੀ ਪਿੰਡ ਚੋਗਾਵਾਂ ਦੀ ਪੰਚਾਇਤ ਕੋਲ ਰਿਕਾਰਡ ਮੌਜੂਦ ਹੈ। ਜਗਦੀਪ ਸਿੰਘ ਸਾਨੂੰ ਫਸਲ ਬੀਜਣ ਤੋਂ ਰੋਕਦਾ ਸੀ। ਮਾਣਯੋਗ ਅਦਾਲਤ ਵਲੋਂ ਸਾਡੇ ਹੱਕ ਵਿਚ ਉਕਤ ਜ਼ਮੀਨ ਦਾ ਸਟੇਅ ਵੀ 03-11-2025 ਤੱਕ ਜਾਰੀ ਕੀਤਾ ਹੈ। ਇਸ ਰਕਬੇ ਵਿਚ ਝੋਨੇ ਦੀ ਫਸਲ ਬੀਜੀ ਹੋਈ ਸੀ ਜੋ ਕਿ ਹੁਣ ਪੱਕ ਕੇ ਵੱਢਣ ਲਈ ਤਿਆਰ ਸੀ। ਪੁਲਿਸ ਵਲੋਂ ਸਾਨੂੰ ਉਕਤ ਫਸਲ ਵੱਢਣ ਤੋਂ ਰੋਕਿਆ ਗਿਆ। ਬੀਤੇ ਦਿਨੀਂ ਸਿਆਸੀ ਸ਼ਹਿ ਉੱਤੇ ਰਾਮ ਸਿੰਘ, ਸਿਕੰਦਰ ਸਿੰਘ, ਗੁਰਬੀਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਕੁਲਵੰਤ ਸਿੰਘ, ਹਰਿਗੋਬਿੰਦ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਨੂਰ ਸਿੰਘ, ਪਰਮਿੰਦਰ ਸਿੰਘ ਆਦਿ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੁਲਿਸ ਦੀ ਹਾਜ਼ਰੀ ਵਿਚ ਭੁਪਿੰਦਰ ਸਿੰਘ ਨੇ ਕੰਬਾਈਨ ਨਾਲ ਝੋਨੇ ਦੀ ਉਕਤ ਸਾਰੀ ਫਸਲ ਵੱਢ ਕੇ ਟਰੈਕਟਰ-ਟਰਾਲੀਆਂ ਉਤੇ ਲੱਦ ਕੇ ਨਾਲ ਲੈ ਗਏ।

ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ।ਇਸ ਮੌਕੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਕਾਲਾ ਨੇ ਕਿਹਾ ਕਿ ਉਕਤ ਜ਼ਮੀਨ ਪੰਚਾਇਤੀ ਹੈ‌, ਜਿਸ ਦੀ ਬੋਲੀ ਪਹਿਲੀ ਵਾਰ ਕਰਵਾਈ ਗਈ ਹੈ, ਜਿਸ ਦੀ ਵੀਡੀਓ ਗਰਾਫੀ ਵੀ ਕੀਤੀ ਗਈ। ਬਲਾਕ ਵਲੋਂ ਅਜੇ ਤੱਕ ਪੰਚਾਇਤ ਦਾ ਖਾਤਾ ਵੀ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ 1 ਅਕਤੂਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਰੋਡ ਜਾਮ ਕਰਕੇ ਥਾਣਾ ਲੋਪੋਕੇ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

ਇਸ ਸੰਬੰਧੀ ਵਿਰੋਧੀ ਧਿਰ ਦੇ ਰਾਮ ਸਿੰਘ, ਗੁਰਬੀਰ ਸਿੰਘ, ਜਗਦੀਪ ਸਿੰਘ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗੁਰਬੀਰ ਸਿੰਘ ਅਤੇ ਭੁਪਿੰਦਰ ਸਿਘ ਨੇ ਉਕਤ ਜ਼ਮੀਨ ਵਿਚ ਝੋਨੇ ਦੀ ਫਸਲ ਬੀਜੀ ਸੀ। ਜੋ ਵੱਢ ਲਈ ਗਈ ਹੈ। ਬਲਾਕ ਦੇ ਅਧਿਕਾਰੀਆਂ ਵਲੋਂ ਪਿੰਡ ਦੀ ਪੰਚਾਇਤ ਨੂੰ ਉਕਤ ਜ਼ਮੀਨ ਦੀ ਬੋਲੀ ਕਰਵਾਉਣ ਲਈ ਨੋਟਿਸ ਭੇਜੇ ਗਏ ਪਰ ਪੰਚਾਇਤ ਗੈਰ ਹਾਜ਼ਰ ਰਹੀ। ਸਾਡੇ ਸਾਰੇ ਮੈਂਬਰ ਮੌਜੂਦ ਰਹੇ। ਉਕਤ ਜ਼ਮੀਨ ਦੀ ਕੋਈ ਬੋਲੀ ਨਹੀਂ ਹੋਈ। ਅਸੀਂ ਪਿੰਡ ਵਿਚ ਨਸ਼ਾ ਬੰਦ ਕਰਵਾ ਰਹੇ ਹਾਂ, ਜਿਸ ਕਰਕੇ ਸਾਡੇ ਉਤੇ ਝੂਠੇ ਦੋਸ਼ ਲਗਾਏ ਜਾ ਰਹੇ। ਇਸ ਸੰਬੰਧੀ ਥਾਣਾ ਲੋਪੋਕੇ ਦੇ ਮੁਖੀ ਸੁਮਿਤ ਸਿੰਘ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਦੋਵਾਂ ਧਿਰਾਂ ਨੂੰ ਆਪਣੇ ਕਾਗਜ਼ਾਤ ਵਿਖਾਉਣ ਲਈ ਕਿਹਾ ਗਿਆ ਸੀ ਪਰ ਦੂਜੀ ਧਿਰ ਨੇ ਪਹਿਲਾਂ ਹੀ ਉਕਤ ਝੋਨੇ ਦੀ ਫਸਲ ਵੱਢ ਲਈ ਹੈ। ਬੀ.ਡੀ.ਓ. ਚੋਗਾਵਾਂ ਤੋਂ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ