ਦਾਣਾ ਮੰਡੀ ਅਟਾਰੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ

ਅਟਾਰੀ, (ਅੰਮ੍ਰਿਤਸਰ) 30 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੀ ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਮਾਰਕੀਟ ਕਮੇਟੀ ਅਟਾਰੀ ਦੇ ਚੇਅਰਮੈਨ ਮੈਡਮ ਸੀਮਾ ਸੋਢੀ ਦੇ ਨਾਲ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੌਜੂਦ ਸਨ। ਇਸ ਮੌਕੇ ਸੈਕਟਰੀ ਮੈਡਮ ਨਵਦੀਪ ਕੌਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਵਿੰਦਰ ਸਿੰਘ, ਮੰਡੀ ਇੰਚਾਰਜ ਨੀਰਜ ਸ਼ਰਮਾ, ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਅਰੁਣ ਖੋਸਲਾ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਿਲ ਸਨ ਜਿਨ੍ਹਾਂ ਵਲੋਂ ਵੱਖ-ਵੱਖ ਝੋਨੇ ਦੀਆਂ ਢੇਰੀਆਂ ਉੱਪਰ ਜਾ ਕੇ ਖਰੀਦ ਸ਼ੁਰੂ ਕਰਵਾਈ ਗਈ। ਚੇਅਰਮੈਨ ਸੀਮਾ ਸੋਢੀ ਅਤੇ ਸੈਕਟਰੀ ਨਵਦੀਪ ਕੌਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਝੋਨੇ ਦੀ ਕਟਾਈ ਕਰਵਾਉਣ ਤਾਂ ਜੋ ਫਸਲ ਹੱਥੋਂ-ਹੱਥੀਂ ਵਿਕ ਸਕੇ। ਸੀਮਾ ਸੋਢੀ ਨੇ ਕਿਹਾ ਕਿ ਲਿਫਟਿੰਗ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਮੰਡੀ ਵਿਚ ਹੋਰ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਢੇਰ ਲਗਾਉਣ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।