ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੰਡੀ ਘੁਬਾਇਆ 'ਚ ਕਰਵਾਈ ਝੋਨੇ ਦੀ ਖ਼ਰੀਦ ਸ਼ੁਰੂ

ਮੰਡੀ ਘੁਬਾਇਆ, 3 ਅਕਤੂਬਰ (ਅਮਨ ਬਵੇਜਾ)-ਪੰਜਾਬ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਚੱਲਦਿਆਂ ਅੱਜ ਮੰਡੀ ਘੁਬਾਇਆ ਵਿਚ ਝੋਨੇ ਦੀ ਆਮਦ ਤੋਂ ਬਾਅਦ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਕਰਵਾਈ ਗਈ ਅਤੇ ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਦੇ ਐੱਸ.ਡੀ.ਐੱਮ. ਕੰਵਰਜੀਤ ਸਿੰਘ ਮਾਨ, ਮਾਰਕੀਟ ਕਮੇਟੀ ਦੇਵਰਾਜ ਸ਼ਰਮਾ ਅਤੇ ਸਕੱਤਰ ਸੌਰਵ ਝੋਰੜ ਮੌਜੂਦ ਸਨ। ਇਸ ਦੌਰਾਨ ਉਹ ਮੰਡੀ ਵਿਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਉਹ ਝੋਨਾ ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਫ਼ਸਲ ਮੰਡੀ ਵਿਚ ਆਉਂਦੇ ਹੀ ਬਿਨਾਂ ਕਿਸੇ ਦੇਰੀ ਦੇ ਵਿਕ ਜਾਵੇ।
ਇਸ ਮੌਕੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਖ਼ਰੀਦ ਸੰਬੰਧੀ ਜਾਣਕਾਰੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਗਗਨਦੀਪ ਕਾਮਰਾ ਨੇ ਦੱਸਿਆ ਕਿ ਅੱਜ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮੈਸ: ਬਲਿਹਾਰ ਸਿੰਘ ਅਜੀਤ ਸਿੰਘ ਨਾਮਕ ਫ਼ਰਮ ਤੋਂ ਕੀਤੀ ਗਈ ਅਤੇ ਕਿਸਾਨ ਗੁਰਬਖ਼ਸ਼ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕੇਰਾਂ ਦੀ ਝੋਨੇ ਦੀ ਫ਼ਸਲ 45 ਕੁਇੰਟਲ ਮਾਰਕਫੈੱਡ ਏਜੰਸੀ ਵਲੋਂ ਖ਼ਰੀਦ ਕੀਤੀ ਗਈ ਅਤੇ ਦੂਸਰੀ ਢੇਰੀ ਫ਼ਰਮ ਮੈਸ. ਧਰਮਵੀਰ ਸੁਰਿੰਦਰ ਕੁਮਾਰ ਤੋਂ ਕੀਤੀ ਗਈ ਤੇ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਲਮੋਚੜ੍ਹ ਖੁਰਦ ਦੀ ਫ਼ਸਲ 50 ਕੁਇੰਟਲ ਪਨਸਪ ਏਜੰਸੀ ਵਲੋਂ ਖਰੀਦੀ ਗਈ। ਇਸ ਦੌਰਾਨ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਤਰਮੀਤ ਸਿੰਘ ਬਵੇਜਾ, ਐਡ. ਕਰਨ ਸੇਠੀ, ਮਨਜੀਤ ਸਿੰਘ ਬਵੇਜਾ, ਐਡ. ਪ੍ਰਿੰਸ ਬਵੇਜਾ, ਕੈਪਟਨ ਘੁਬਾਇਆ, ਮਿੱਠੂ ਸੇਤੀਆ, ਹਰਬੰਸ ਕਚੂਰਾ, ਰੂਪ ਲਾਲ, ਜਗਦੀਸ਼ ਲਾਲ ਵਧਵਾ, ਗੁਲਸ਼ਨ ਗੁੰਬਰ ਆਦਿ ਹਾਜ਼ਰ ਸਨ।