ਆਂਗਣਵਾੜੀ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ 'ਤੇ 5 ਅਕਤੂਬਰ ਤੋਂ ਰੋਸ ਧਰਨੇ

ਗੁਰੂ ਹਰ ਸਹਾਏ (ਫਿਰੋਜ਼ਪੁਰ), 3 ਅਕਤੂਬਰ (ਹਰਚਰਨ ਸਿੰਘ ਸੰਧੂ,ਕਪਿਲ ਕੰਧਾਰੀ)-ਆਂਗਣਵਾੜੀ ਯੂਨੀਅਨ ਬਲਾਕ ਗੁਰੂ ਹਰਸਹਾਏ ਦੀ ਪ੍ਰਧਾਨ ਕੁਲਜੀਤ ਕੌਰ ਨੇ ਇਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ 5 ਅਕਤੂਬਰ ਤੋਂ 20 ਅਕਤੂਬਰ ਤਕ ਮੈਂਬਰ ਪਾਰਲੀਮੈਂਟ ਦੇ ਘਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਰੋਸ ਧਰਨਾ 5 ਅਕਤੂਬਰ ਨੂੰ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ 50 ਸਾਲ ਤੋਂ ਆਂਗਣਵਾੜੀ ਸਕੀਮ ਚੱਲ ਰਹੀ ਹੈ, ਕੇਂਦਰ ਦੀ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਨਿਗੁਣਾ ਜਿਹਾ ਮਾਣ-ਭੱਤਾ ਦੇ ਕੇ ਸੋਸ਼ਲ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰ ਨੂੰ ਕੇਵਲ 4500/ਹੈਲਪਰ ਨੂੰ 2250 ਰੁਪਏ ਹੀ ਦਿੱਤੇ ਜਾ ਰਹੇ ਹਨ। ਇਹ ਹਿੰਦੁਸਤਾਨ ਦੀਆਂ 28 ਲੱਖ ਔਰਤਾਂ ਅਤੇ ਮਾਤਰਤ ਸ਼ਕਤੀ ਦਾ ਅਪਮਾਨ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਆਈ.ਸੀ.ਡੀ.ਐਸ. ਸਕੀਮ ਨੂੰ ਵਿਭਾਗ ਵਿਚ ਤਬਦੀਲ ਕਰਕੇ ਆਂਗਣਵਾੜੀ ਵਰਕਰ ਤੀਜੇ ਦਰਜੇ ਅਤੇ ਹੈਲਪਰ ਨੂੰ ਚੌਥੇ ਦਰਜੇ ਦਾ ਮੁਲਾਜ਼ਮ ਘੋਸ਼ਿਤ ਕੀਤਾ ਜਾਵੇ।