ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰੱਖੇ ਜਾਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ 'ਜੋੜਾ ਸਾਹਿਬ'- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)-ਦਸਮ ਪਿਤਾ ਨਾਲ ਸੰਬੰਧਿਤ ਪਵਿੱਤਰ ਨਿਸ਼ਾਨੀ ਯਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ ‘ਜੋੜਾ ਸਾਹਿਬ‘ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਿਊਜ਼ੀਅਮ ਜਾਂ ਖ਼ਾਸ ਅਸਥਾਨ ਬਣਾ ਕੇ ਉਥੇ ਸੁਸ਼ੋਭਿਤ ਕੀਤਾ ਜਾਵੇਗਾ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਤੇ ਸ਼ਖ਼ਸੀਅਤਾਂ ਨਾਲ ਲੰਮੇ ਸਮੇਂ ਤੋਂ ਕੀਤੇ ਵਿਚਾਰ-ਵਟਾਂਦਰੇ ਤੋਂ ਬਾਅਦ ਪਵਿੱਤਰ ਜੋੜਾ ਸਾਹਿਬ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਸਾਡੇ ਵਲੋਂ ਕੀਤੀ ਬੇਨਤੀ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਨੂੰ ਸਵੀਕਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ ‘ਜੋੜਾ ਸਾਹਿਬ‘ ਪੁਰੀ ਪਰਿਵਾਰ ਕੋਲ ਹਨ ਜੋ ਕਾਫ਼ੀ ਲੰਬੇ ਸਮੇਂ ਤੋਂ ਗੁਰੂ ਸਾਹਿਬ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ ਅਵਸ਼ੇਸ਼ਾਂ ਦੀ ਸੇਵਾ ਸੰਭਾਲ ਕਰ ਰਹੇ ਹਨ।
ਪਿਛਲੇ ਕਰੀਬ 300 ਸਾਲਾਂ ਤੋਂ ਗੁਰੂ ਸਾਹਿਬ ਦੀ ਇਸ ਨਿਸ਼ਾਨੀ ਦੀ ਸਾਂਭ-ਸੰਭਾਲ ਦੀ ਸੇਵਾ ਆਪਣੇ ਪਰਿਵਾਰ ਵਲੋਂ ਨਿਭਾਏ ਜਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਦਿੱਲੀ ਦੇ ਕਰੋਲ ਬਾਗ਼ ਵਿਖੇ ਰਹਿਣ ਵਾਲੇ ਮੇਰੇ ਭਰਾ (ਕਜ਼ਨ) ਜਸਮੀਤ ਸਿੰਘ ਪੁਰੀ ਇਸ ‘ਜੋੜੇ ਸਾਹਿਬ’ ਦੇ ਆਖ਼ਰੀ ਸੇਵਾਦਾਰ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਪਰਿਵਾਰ ਦੇ ਵੱਡੇ ਮੈਂਬਰ ਹੋਣ ਦੇ ਨਾਤੇ ਮੈਨੂੰ ਲਿਖਿਆ ਕਿ ਇਹ ਪਵਿੱਤਰ ਨਿਸ਼ਾਨੀ ਅਜਿਹੇ ਸਥਾਨ ‘ਤੇ ਰੱਖੀਆਂ ਜਾਣ, ਜਿਥੇ ਜ਼ਿਆਦਾ ਸੰਗਤ ਉਨ੍ਹਾਂ ਦੇ ਦਰਸ਼ਨ ਕਰ ਸਕੇ। ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਇਸ ਜੋੜਾ ਸਾਹਿਬ ਦੇ ਕਾਰਬਨ ਟੈਸਟ ਵੀ ਕਰਵਾਏ ਗਏ ਹਨ।
ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਰਦੀਪ ਸਿੰਘ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨਾਲ ਸੰਬੰਧਿਤ ਪਵਿੱਤਰ ਨਿਸ਼ਾਨੀ ਨੂੰ ਢੁਕਵੇਂ ਸਥਾਨ ‘ਤੇ ਰੱਖਿਆ ਜਾਵੇ। ਕਾਨਫ਼ਰੰਸ ਵਿਚ ਮੌਜੂਦ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰੂ ਸਾਹਿਬ ਦੀ ਨਿਸ਼ਾਨੀ ਤਖ਼ਤ ਪਟਨਾ ਸਾਹਿਬ ਵਿਖੇ ਰੱਖੇ ਜਾਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕਾਂ ਨੇ ਇਸ ਦੇ ਦਰਸ਼ਨ ਕੀਤੇ ਹਨ, ਇਸ ਲਈ ਨਗਰ ਕੀਰਤਨ ਦੇ ਰੂਪ ਵਿਚ ਇਸ ਨਿਸ਼ਾਨੀ ਨੂੰ ਪਟਨਾ ਸਾਹਿਬ ਲਿਜਾਇਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਦਿੱਲੀ ਕਮੇਟੀ ਪੂਰੀ ਤਨਦੇਹੀ ਨਾਲ ਨਿਭਾਏਗੀ। ਇਸ ਮੌਕੇ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਉਕਤ ਫ਼ੈਸਲੇ ਲਈ ਪੁਰੀ ਪਰਿਵਾਰ ਦਾ ਧੰਨਵਾਦ ਕੀਤਾ।