ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਮੇਤ ਦੋਸ਼ੀ ਗ੍ਰਿਫਤਾਰ
.jpg)

ਜੰਡਿਆਲਾ ਗੁਰੂ, 4 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ/ਹਰਜਿੰਦਰ ਸਿੰਘ ਕਲੇਰ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਆਈ.ਪੀ.ਐਸ. ਅਤੇ ਡੀ.ਐਸ.ਪੀ. ਜੰਡਿਆਲਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਅਤੇ ਅਸਲੇ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮਹਿਤਾ ਵਿਚ ਮੁਕੱਦਮਾ ਨੰਬਰ 116 ਮਿਤੀ 3 ਅਕਤੂਬਰ 2025 ਤਹਿਤ ਧਾਰਾ 21(ਸੀ)-29-61-85 ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਵਿਚ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੱਬੇ ਰਾਜਪੂਤਾਂ, ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾਂ ਤੋਂ 1 ਕਿੱਲੋ 596 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀ.ਐਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਖੱਬੇ ਰਾਜਪੂਤਾਂ ਤੋਂ ਬੁੱਟਰ ਕਲਾਂ ਜਾਣ ਵਾਲੀ ਲਿੰਕ ਸੜਕ ‘ਤੇ ਨਾਕਾਬੰਦੀ ਕੀਤੀ ਸੀ, ਜਿਥੇ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਉਪਰੋਕਤ ਰਿਕਵਰੀ ਕੀਤੀ। ਥਾਣਾ ਜੰਡਿਆਲਾ ਵਿਚ ਮੁਕੱਦਮਾ ਨੰਬਰ 257 ਮਿਤੀ 3 ਅਕਤੂਬਰ 2025 ਤਹਿਤ ਐਨ.ਡੀ.ਪੀ.ਐਸ. ਐਕਟ ਤੇ ਅਸਲਾ ਐਕਟ ਅਧੀਨ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਗਨਦੀਪ ਸਿੰਘ ਉਰਫ ਗਜ਼ਨੀ ਪੁੱਤਰ ਹੀਰਾ ਸਿੰਘ ਵਾਸੀ ਜੋਤੀਸਰ ਕਾਲੋਨੀ, ਜੰਡਿਆਲਾ ਗੁਰੂ, ਸੰਨੀ ਸਿੰਘ ਉਰਫ ਨੰਨੀ ਪੁੱਤਰ ਨਿਸ਼ਾਨ ਸਿੰਘ ਵਾਸੀ ਸ਼ੇਖੂਪੁਰ ਮੁਹੱਲਾ, ਜੰਡਿਆਲਾ ਗੁਰੂ ਤੋਂ 100 ਗ੍ਰਾਮ ਹੈਰੋਇਨ, ਦੋ 30 ਬੋਰ ਪਿਸਤੌਲ, ਚਾਰ ਜ਼ਿੰਦਾ ਰੌਂਦ ਤੇ 1000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਿਸ ਨੇ ਭੱਠਾ ਚੌਕ ਅਮਰਕੋਟ ਵਿਖੇ ਨਾਕਾਬੰਦੀ ਦੌਰਾਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਡੀ.ਐਸ.ਪੀ. ਰਵਿੰਦਰ ਸਿੰਘ ਨੇ ਕਿਹਾ ਕਿ ਉਕਤ ਦੋਸ਼ੀਆਂ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।