JALANDHAR WEATHER

ਪੰਜਾਬ ਸਰਕਾਰ ਵਲੋਂ ਡਿੰਪਲ ਵਰਮਾ ਮੁੱਖ ਅਧਿਆਪਕਾ ਦੀ ਸਟੇਟ ਐਵਾਰਡ ਲਈ ਚੋਣ

ਸ੍ਰੀ ਮੁਕਤਸਰ ਸਾਹਿਬ, 4 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਦੀ ਇਸ ਵਾਰ ਸਟੇਟ ਐਵਾਰਡ ਲਈ ਚੋਣ ਕੀਤੀ ਹੈ। ਡਿੰਪਲ ਵਰਮਾ ਬਠਿੰਡਾ ਵਾਸੀ ਅਸ਼ੋਕ ਵਰਮਾ ਅਤੇ ਸ਼੍ਰੀਮਤੀ ਰਾਕੇਸ਼ ਵਰਮਾ ਦੀ ਹੋਣਹਾਰ ਬੇਟੀ ਹਨ ਅਤੇ ਜਲਾਲਾਬਾਦ ਵਿਖੇ ਵਿਆਹੇ ਹੋਏ ਹਨ। ਇਸ ਸਮੇਂ ਡਿੰਪਲ ਵਰਮਾ ਅਤੇ ਉਸ ਦੇ ਪਤੀ ਸੁਨੀਲ ਕੁਮਾਰ ਮੁੰਜਾਲ ਦੀ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਹਾਇਸ਼ ਹੈ। ਪੰਜਾਬ ਸਰਕਾਰ ਵਲੋਂ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਥੇ ਤਕਰੀਬਨ 6 ਦਰਜਨ ਅਧਿਆਪਕਾਂ ਨੂੰ ਵਕਾਰੀ ਸਨਮਾਨ ਨਾਲ ਸਨਮਾਨਿਆ ਜਾਣਾ ਹੈ। ਹਰੇਕ ਪੁਰਸਕਾਰ ਜੇਤੂ ਨੂੰ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਮੈਡਲ, ਸ਼ਾਲ ਅਤੇ ਯੋਗਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਵੀ ਸ਼ਾਮਿਲ ਹੈ।

ਡਿੰਪਲ ਵਰਮਾ ਨੂੰ ਇਹ ਸਨਮਾਨ ਉਸ ਦੀ ਸਕੂਲ ਪ੍ਰਤੀ ਵਿਲੱਖਣ ਪ੍ਰਾਪਤੀਆਂ ਬਦਲੇ ਦਿੱਤਾ ਜਾ ਰਿਹਾ ਹੈ। ਦਰਅਸਲ ਜਦੋਂ ਡਿੰਪਲ ਵਰਮਾ ਨੇ ਕਈ ਸਾਲ ਪਹਿਲਾਂ ਕਰਮਗੜ੍ਹ ਦੇ ਇਸ ਸਕੂਲ ’ਚ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਸਕੂਲ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਆਪਣੀ ਮਿਹਨਤ ਅਤੇ ਲਗਨ ਦੇ ਨਾਲ-ਨਾਲ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਵਲੋਂ ਗਰਾਂਟਾਂ ਦੇ ਰੂਪ ’ਚ ਜਾਰੀ ਰਾਸ਼ੀ ਸਦਕਾ ਡਿੰਪਲ ਵਰਮਾ ਨੇ ਇਸ ਸਕੂਲ ਦੀ ਨੁਹਾਰ ਬਦਲਣ ’ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਦੋਂ ਕਰਮਗੜ੍ਹ ਸਕੂਲ ਦੇ ਦੌਰੇ ਉਤੇ ਆਏ ਸਨ ਤਾਂ ਉਨ੍ਹਾਂ ਨੇ ਡਿੰਪਲ ਵਰਮਾ ਦੇ ਯਤਨਾਂ ਅਤੇ ਸਟਾਫ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਸੀ। ਕਰਮਗੜ੍ਹ ਸਕੂਲ ਪੰਜਾਬ ਦਾ ਪਹਿਲਾ ਉਹ ਸਕੂਲ ਹੈ, ਜਿਥੇ ਸਟੇਜ ਨੂੰ ਕੰਪਿਊਟਰ ਦੇ ਕੀ ਬੋਰਡ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਇਸ ਸਟੇਜ ਉਤੇ ਜਿਥੇ ਸਕੂਲ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਥੇ ਹੀ ਕੰਪਿਊਟਰ ਸੰਬੰਧੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਲਈ ਨੈਤਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਮੁੱਖ ਅਧਿਆਪਕਾ ਡਿੰਪਲ ਵਰਮਾ ਦਾ ਕਹਿਣਾ ਸੀ ਕਿ ਉਹ ਸਕੂਲ ਅਤੇ ਸਿੱਖਿਆ ਨੂੰ ਹਰ ਪੱਖ ਤੋਂ ਉੱਚਾ ਚੁੱਕਣ ਲਈ ਪਹਿਲਾਂ ਦੀ ਤਰ੍ਹਾਂ ਯਤਨ ਜਾਰੀ ਰੱਖਣਗੇ। ਉਨ੍ਹਾਂ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਂਗਾ, ਡਿਪਟੀ ਡੀ.ਈ.ਓ. ਰਜਿੰਦਰ ਸੋਨੀ, ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਅਜੇ ਸ਼ਰਮਾ ਜੋ ਕਿ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸਨ, ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ