ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ

ਹਰੀਕੇ ਪੱਤਣ, (ਤਰਨਤਾਰਨ), 6 ਅਕਤੂਬਰ (ਸੰਜੀਵ ਕੁੰਦਰਾ)- ਪੋਂਗ ਡੈਮ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਅੱਜ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਪੱਧਰ ਵੱਧ ਕੇ 74975 ਕਿਊਸਿਕ ਹੋ ਗਿਆ। ਜ਼ਿਕਰਯੋਗ ਹੈ ਕਿ 5-6-7-8 ਅਕਤੂਬਰ ਨੂੰ ਭਾਰੀ ਮੀਂਹ ਦੇ ਅਲਰਟ ਤੋਂ ਬਾਅਦ ਦੋਵਾਂ ਡੈਮਾਂ ਤੋਂ ਪਾਣੀ ਛੱਡਿਆ ਗਿਆ ਸੀ। ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਬੀਤੀ ਰਾਤ ਤੋਂ ਵੱਧਣਾ ਸ਼ੁਰੂ ਹੋਇਆ।
ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਹੈਡ ਵਰਕਸ ਦੇ ਅੱਪ ਸਟਰੀਮ ਵਿਚ 74975 ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 55264 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੈਡ ਵਰਕਸ ਤੋਂ ਨਿਕਲਦੀ ਰਾਜਸਥਾਨ ਫੀਡਰ ਨਹਿਰ ਨੂੰ 6279 ਕਿਊਸਿਕ ਅਤੇ ਫਿਰੋਜ਼ਪੁਰ ਫੀਡਰ ਨਹਿਰ ਨੂੰ 6828 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ ਅੱਜ ਹੋਰ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ। ਹੈਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਜੋ ਕਿ ਪਹਿਲਾਂ ਹੀ ਹੜ੍ਹਾਂ ਦੀ ਬਹੁਤ ਵੱਡੀ ਮਾਰ ਝੱਲ ਚੁੱਕਾ ਹੈ ਤੇ ਹੁਣ ਦੁਬਾਰਾ ਮੌਸਮ ਖਰਾਬ ਹੋਣ ਅਤੇ ਪਾਣੀ ਵੱਧ ਜਾਣ ਕਾਰਨ ਲੋਕਾਂ ਵਿਚ ਖੌਫ਼ ਪਾਇਆ ਜਾ ਰਿਹਾ ਹੈ।