ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਮਾਝੇ ਵਿਚ ਭਾਰੀ ਬਾਰਿਸ਼ ਸ਼ੁਰੂ

ਅਜਨਾਲਾ, (ਅੰਮ੍ਰਿਤਸਰ), 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਮਾਝਾ ਖੇਤਰ ਵਿਚ ਦਿਨ ਚੜਦਿਆਂ ਹੀ ਮੀਂਹ ਸ਼ੁਰੂ ਹੋ ਗਿਆ। ਦੇਰ ਰਾਤ ਤੋਂ ਹੀ ਇਸ ਖੇਤਰ ਵਿਚ ਬੱਦਲਵਾਈ ਤੋਂ ਬਾਅਦ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਅਜਨਾਲਾ ਖੇਤਰ ਵਿਚ ਪਹਿਲਾਂ ਹੀ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਭਾਵੇਂ ਕਿ ਰਾਵੀ ਦਰਿਆ ਵਿਚ ਇਸ ਵੇਲੇ ਪਾਣੀ ਦਾ ਪੱਧਰ 43 ਹਜ਼ਾਰ ਕਿਊਸਿਕ ਦੱਸਿਆ ਜਾ ਰਿਹਾ ਹੈ, ਪਰ ਪਹਾੜੀ ਖੇਤਰਾਂ ਵਿਚ ਬਾਰਿਸ਼ਾਂ ਹੋਣ ਦੇ ਅਨੁਮਾਨ ਤੋਂ ਬਾਅਦ ਪ੍ਰਸ਼ਾਸਨ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਅਲਰਟ ’ਤੇ ਹੈ। ਇੰਨ੍ਹੀ ਦਿਨੀਂ ਕਿਸਾਨਾਂ ਦੀ ਅਗੇਤੀ ਬਾਸਮਤੀ ਦੀ ਵਾਢੀ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਹਾਲੇ ਵੀ ਸੈਂਕੜੇ ਏਕੜ ਝੋਨੇ ਦੀ ਫਸਲ ਖੁੱਲ੍ਹੇ ਅਸਮਾਨ ਹੇਠ ਹੈ।