ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਹਵਾਈ ਅੱਡਾ ਰਾਜਾਸਾਂਸੀ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ

ਰਾਜਾਸਾਂਸੀ, 5 ਅਕਤੂਬਰ (ਹਰਦੀਪ ਸਿੰਘ ਖੀਵਾ) - ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇਗੁਰਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ। ਹਵਾਈ ਅੱਡਾ ਦੇ ਯਾਤਰੀ ਹਾਲ 'ਚ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਾਡਲ ਅਤੇ ਚੌਥੇ ਪਾਤਸ਼ਾਹ ਸ੍ਰੀ ਰਾਮਦਾਸ ਸਾਹਿਬ ਜੀ ਦੇ ਸਰੂਪ (ਤਸਵੀਰ) ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰਨ ਅਤੇ ਯਾਤਰੀਆਂ ਦੇ ਬਾਹਰ ਆਉਣ ਵਾਲੇ ਗੇਟ ਅਤੇ ਹੋਰ ਵੱਖ-ਵੱਖ ਖੇਤਰ ਫੁੱਲਾਂ ਨਾਲ ਸਜਾਏ ਗਏ।
ਦੇਸ਼ ਵਿਦੇਸ਼ਾਂ ਤੋਂ ਏਥੇ ਪੁੱਜਣ ਵਾਲੇ ਯਾਤਰੀ ਫੁੱਲਾਂ ਨਾਲ ਸੱਜੇ ਹਵਾਈ ਅੱਡੇ ਦੇ ਮਨਮੋਹਕ ਦ੍ਰਿਸ਼ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਮੂਹਰੇ ਨਤਮਸਤਕ ਹੋ ਰਹੇ ਹਨ । ਹਵਾਈ ਅੱਡੇ 'ਤੇ ਫੁੱਲਾਂ ਦੀ ਸਜਾਵਟ ਦੀ ਸੇਵਾ ਨਿਭਾਅ ਰਹੇ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੇ ਸਹਿਯੋਗ ਨਾਲ ਸਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਮੌਕੇ ਹਰ ਸਾਲ ਨਿਭਾਈ ਜਾਂਦੀ ਹੈ। ਇਸ ਸੇਵਾ ਵਿਚ ਸਿੰਘ ਸਾਹਿਬ ਜਥੇ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਦਰਬਾਰ ਦੇ ਮੈਨੇਜਰ ਭਗਵੰਤ ਸਿੰਘ ਦਾ ਪੂਰਨ ਸਹਿਯੋਗ ਹੈ। ਸੇਵਾਦਾਰ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਫੁੱਲਾਂ ਦੀ ਸਜਾਵਟ ਕਰਨ ਲਈ 30 ਵਿਸ਼ੇਸ਼ ਕਾਰੀਗਰਾਂ ਅਤੇ 40 ਸੇਵਾਦਾਰ ਪ੍ਰੇਮੀਆਂ ਵਲੋਂ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 35-40 ਕਿਸਮ ਦੇ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਅਤੇ ਇਹ ਫੁੱਲਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਨ। ਇਹ ਫੁੱਲ ਭਾਰਤ ਤੋਂ ਇਲਾਵਾ ਯੂਰਪੀਅਨ, ਥਾਈਲੈਂਡ, ਬੈਕਾਂਕ ਆਦਿ ਦੇਸ਼ਾਂ ਤੋਂ ਮੰਗਵਾਏ ਗਏ ਹਨ।