ਗੁਰੂ ਹਰ ਸਹਾਏ ਪੁਲਿਸ ਨੇ ਇਕ ਕਿੱਲੋ ਹੈਰੋਇਨ ਕੀਤੀ ਬਰਾਮਦ
ਗੁਰੂ ਹਰ ਸਹਾਏ , 5 ਅਕਤੂਬਰ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਿੱਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜਦ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਛਾਂਗਾ ਰਾਏ ਉਤਾੜ ਤੋਂ ਥੋੜਾ ਪਿੱਛੇ ਪੁਲ ਸੂਆ ਦੇ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਰਮਜੀਤ ਸਿੰਘ ਉਰਫ਼ ਬੱਬੂ ਪੁੱਤਰ ਬੂਟਾ ਸਿੰਘ ਵਾਸੀ ਝੁੱਗੇ ਸੰਤਾ ਸਿੰਘ ਵਾਲੇ ਦਾਖਲੀ ਛਾਂਗਾ ਰਾਏ ਉਤਾੜ ਜਿਸ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ ਹਨ ਤੇ ਇਹ ਲਗਾਤਾਰ ਸਰਹੱਦ ਪਾਰੋਂ ਹੈਰੋਇਨ ਮੰਗਵਾਉਂਦਾ ਹੈ।
ਹੈਰੋਇਨ ਸਪਲਾਈ ਕਰਨ ਦਾ ਵੱਡੇ ਪੱਧਰ 'ਤੇ ਧੰਦਾ ਕਰਦਾ ਆ ਰਿਹਾ ਹੈ ਤੇ ਇਸ ਨੇ ਹੁਣ ਫਿਰ ਭਾਰੀ ਮਾਤਰਾ ਵਿਚ ਹੈਰੋਇਨ ਮੰਗਵਾ ਕੇ ਆਪਣੇ ਘਰ ਦੇ ਨਵੇਂ ਬਣ ਰਹੇ ਕਮਰੇ ਦੀ ਨੁੱਕਰ ਵਿਚ ਲੁਕਾ ਛੁਪਾ ਕੇ ਰੱਖੀ ਹੈ। ਜੇਕਰ ਉਸ ਉੱਪਰ ਹੁਣੇ ਛਾਪਾ ਮਾਰੀਆ ਜਾਵੇ ਤਾਂ ਉਸ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਹੈਰੋਇਨ ਦੀ ਬਰਾਮਦਗੀ ਹੋ ਸਕਦੀ ਹੈ। ਫਿਰ ਉਨ੍ਹਾਂ ਵਲੋਂ ਛਾਪਾ ਮਾਰ ਕੇ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਵਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।