ਭਾਰੀ ਝੱਖੜ ਅਤੇ ਮੀਂਹ ਨਾਲ਼ ਧਰਤੀ 'ਤੇ ਵਿਛੀਆਂ ਫ਼ਸਲਾਂ

ਪੰਜਗਰਾਈਂ ਕਲਾਂ (ਫ਼ਰੀਦਕੋਟ), 5 ਅਕਤੂਬਰ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ ਅਤੇ ਇਸ ਦੇ ਨਾਲ ਲਗਦੇ ਪਿੰਡਾਂ 'ਚ ਦੇਰ ਰਾਤ ਆਏ ਭਾਰੀ ਝੱਖੜ ਅਤੇ ਮੀਂਹ ਨਾਲ਼ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਧਰਤੀ 'ਤੇ ਵਿੱਛ ਗਈਆਂ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਗਰਾਈਂ ਕਲਾਂ, ਬੱਗੇਆਣਾ, ਘਣੀਏ ਵਾਲਾ, ਜਿਉਣ ਵਾਲਾ ਆਦਿ ਪਿੰਡਾਂ 'ਚ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਏ ਭਾਰੀ ਝੱਖੜ ਤੇ ਮੀਂਹ ਨਾਲ਼ ਝੋਨੇ ਦੀ ਪੱਕੀ ਫ਼ਸਲ ਧਰਤੀ 'ਤੇ ਵਿਛ ਗਈ, ਜਿਸ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਧਰਤੀ 'ਤੇ ਵਿਛੀਆਂ ਫ਼ਸਲਾਂ ਨਾਲ ਜਿਥੇ ਝੋਨੇ ਦੇ ਝਾੜ ਵਿਚ ਗਿਰਾਵਟ ਆਉਣ ਦਾ ਖ਼ਦਸ਼ਾ ਬਣਿਆ ਹੈ ਉਥੇ ਹੀ ਝੋਨੇ ਦੀ ਗੁਣਵੱਤਾ 'ਚ ਫ਼ਰਕ ਪੈਣ ਨਾਲ ਰੇਟ ਵਿਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਅਤੇ ਝੱਖੜ ਆਉਣ ਦੀ ਕੀਤੀ ਜਾ ਰਹੀ ਭਵਿੱਖਬਾਣੀ ਨੂੰ ਲੈ ਕੇ ਪਹਿਲਾਂ ਹੀ ਆਰਥਿਕ ਮੰਦਵਾੜੇ ਦੀ ਲਪੇਟ ਵਿਚ ਆਏ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਾਧਾ ਹੋਇਆ ਹੈ।ਪਿੰਡ ਪੰਜਗਰਾਈਂ ਕਲਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਝੱਖੜ ਅਤੇ ਮੀਂਹ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ।