ਦੁਸਹਿਰੇ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼

ਭੰਡਾਲ ਬੇਟ (ਕਪੂਰਥਲਾ), 5 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ) - ਪਿੰਡ ਸੁਰਖਪੁਰ ਅਕਬਰਪੁਰ ਦੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋ ਕਿ ਦੁਸਹਿਰੇ ਵਾਲੇ ਦਿਨ ਪਿੰਡ ਦੇ ਹੀ ਨੌਜਵਾਨ ਮਨੂੰ ਨਾਲ ਕਪੂਰਥਲੇ ਦੁਸਹਿਰੇ ਦਾ ਮੇਲਾ ਦੇਖਣ ਗਿਆ ਸੀ, ਵਾਪਿਸ ਨਹੀਂ ਆਇਆ ਸੀ। ਪਰਿਵਾਰ ਵਲੋਂ ਥਾਣਾ ਫੱਤੂਢੀਂਗਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਅੱਜ ਉਕਤ ਨੌਜਵਾਨ ਮਨੂੰ ਨੇ ਪਿੰਡ ਦੇ ਸਰਪੰਚ ਨੂੰ ਦੱਸਿਆ ਕਿ ਗੋਪੀ ਦੀ ਲਾਸ਼ ਡੋਗਰਾਂਵਾਲ ਨੇੜੇ ਕਮਾਦ ਵਿਚ ਪਈ ਹੈ। ਇਸ ਸੰਬੰਧੀ ਪਿੰਡ ਵਾਸੀਆਂ ਨੇ ਡੋਗਰਾਂਵਾਲ ਦੇ ਨੇੜੇ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਗੋਪੀ ਦੀ ਲਾਸ਼ ਕਮਾਦ ਵਿਚ ਪਈ ਸੀ। ਇਸ ਦੀ ਘਟਨਾ ਥਾਣਾ ਕੋਤਵਾਲੀ ਵਿਖੇ ਦਿੱਤੀ ਗਈ ਤਾਂ ਸਬ ਇੰਸਪੈਕਟਰ ਲਾਭ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ।