ਸਾਬਕਾ ਫ਼ੌਜੀ ਨੂੰ ਇਕਲੌਤੇ ਪੁੱਤਰ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਅਮਰਕੋਟ (ਤਰਨਤਾਰਨ), 5 ਅਕੂਤਬਰ (ਭੱਟੀ) -ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ਵਿਖੇ ਇਕ ਇਕਲੌਤੇ ਕਲਯੁੱਗੀ ਪੁੱਤ ਵਲੋਂ ਆਪਣੇ ਪਿਉ ਦਾ ਕਤਲ ਕਰਕੇ ਤੇ ਤੜਕਸਾਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐਸ. ਪੀ. ਪ੍ਰੀਤ ਇੰਦਰ ਸਿੰਘ,ਐਸ. ਐਚ. ਓ. ਗੁਰਮੁਖ ਸਿੰਘ ਥਾਣਾ ਵਲਟੋਹਾ ਮੌਕੇ 'ਤੇ ਪਹੁੰਚੇ । ਡੀ. ਐਸ. ਪੀ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵੰਤ ਸਿੰਘ ਪੁੱਤਰ ਅਜੀਤ ਸਿੰਘ ਜਿਸ ਨੂੰ ਉਸ ਦੇ ਪੁੱਤਰ ਸਤਵਿੰਦਰ ਸਿੰਘ ਨੇ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਤੜਕਸਾਰ ਸੰਸਕਾਰ ਕਰਕੇ ਫ਼ਰਾਰ ਹੋ ਗਿਆ । ਦੱਸਿਆ ਗਿਆ ਕਿ ਇਨ੍ਹਾਂ ਪਿਉ-ਪੁੱਤਾਂ ਦਾ ਝਗੜਾ ਮੰਡੀ 'ਚ ਝੋਨੇ ਦੀ ਫ਼ਸਲ ਸੁੱਟਣ ਨੂੰ ਲੈ ਕੇ ਹੋਇਆ ਸੀ । ਪੁੱਤ ਵਲੋਂ ਪਿਉ ਦੀ ਲਾਈਸੰਸੀ ਬਾਰਾਂ ਬੋਰ ਰਾਈਫ਼ਲ ਨਾਲ ਉਸ 'ਤੇ ਗੋਲੀ ਚਲਾਈ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਉਹਦੇ ਪੁੱਤਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।