ਵਿਰੋਧੀ ਧਿਰ ਦੇ ਆਗੂ ਜੋ ਵਿਦੇਸ਼ ਜਾ ਕੇ ਦੇਸ਼ ਵਿਰੁੱਧ ਬੋਲਦੇ ਹਨ ਉਹ ਠੀਕ ਨਹੀਂ - ਕਿਰੇਨ ਰਿਜੀਜੂ ਕੋਲੰਬੀਆ ਵਿਚ ਰਾਹੁਲ ਗਾਂਧੀ 'ਤੇ ਬੋਲੇ

ਨਵੀਂ ਦਿੱਲੀ, 5 ਅਕਤੂਬਰ (ਏਐਨਆਈ): ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਕੋਲੰਬੀਆ ਵਿਚ ਕੀਤੀਆਂ ਟਿੱਪਣੀਆਂ 'ਤੇ ਆਲੋਚਨਾ ਕਰਦਿਆਂ ਕਿਹਾ ਕਿ ਉਹ ਪਹਿਲੇ ਵਿਰੋਧੀ ਧਿਰ ਦੇ ਆਗੂ ਹਨ ਜੋ ਵਿਦੇਸ਼ ਗਿਆ ਅਤੇ ਦੇਸ਼, ਇਸਦੀ ਪ੍ਰਣਾਲੀ ਅਤੇ ਲੋਕਤੰਤਰ ਵਿਰੁੱਧ ਬੋਲੇ । ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਭਾਰਤ ਬਾਰੇ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਦੇਸ਼ ਦੀ ਸਾਖ ਨੂੰ ਢਾਹ ਲਗਾ ਸਕਦੀਆਂ ਹਨ। ਏਐਨਆਈ ਨਾਲ ਇਕ ਇੰਟਰਵਿਊ ਵਿਚ ਰਿਜੀਜੂ ਨੇ ਕਿਹਾ ਕਿ ਮੈਂ ਇਹ ਵੀ ਸੁਣਿਆ ਹੈ ਕਿ ਰਾਹੁਲ ਗਾਂਧੀ ਨੇ ਕੋਲੰਬੀਆ ਵਿਚ ਕੀ ਕਿਹਾ, ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦੀ ਅਗਵਾਈ ਨਹੀਂ ਕਰ ਸਕਦਾ।
ਉਨ੍ਹਾਂ ਨੇ ਜੋ ਕਿਹਾ ਉਹ ਬਹੁਤ ਗ਼ਲਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਵੱਖ-ਵੱਖ ਖੇਤਰਾਂ ਵਿਚ ਅਗਵਾਈ ਕੀਤੀ ਹੈ। ਸਾਡੇ ਵਿਰੋਧੀ ਧਿਰ ਦੇ ਆਗੂ ਨੇ ਵਿਦੇਸ਼ ਜਾ ਕੇ ਕਿਹਾ ਕਿ ਭਾਰਤ ਇਕ ਗਲੋਬਲ ਲੀਡਰ ਨਹੀਂ ਹੋ ਸਕਦਾ। ਸਮੱਸਿਆ ਇਹ ਹੈ ਕਿ ਜੇਕਰ ਵਿਦੇਸ਼ਾਂ ਵਿਚ ਲੋਕਾਂ ਨੂੰ ਇਹ ਪ੍ਰਭਾਵ ਮਿਲਦਾ ਹੈ ਕਿ ਭਾਰਤ ਵਿਚ ਹਰ ਕੋਈ ਰਾਹੁਲ ਗਾਂਧੀ ਵਰਗਾ ਹੈ, ਤਾਂ ਇਹ ਦੇਸ਼ ਦੀ ਸਾਖ ਨੂੰ ਢਾਹ ਲਗਾਏਗਾ। ਸਾਡੇ ਦੇਸ਼ ਵਿਚ ਬੁੱਧੀਮਾਨ ਲੋਕ ਹਨ, ਸਾਡੇ ਕੋਲ ਚੰਗੇ ਨੇਤਾ ਹਨ ਅਤੇ ਚੰਗੀ ਵਿਚਾਰਧਾਰਾ ਵਾਲੇ ਲੋਕ ਹਨ। ਪਰ ਜੇਕਰ ਰਾਹੁਲ ਗਾਂਧੀ ਇਸ ਤਰ੍ਹਾਂ ਬੋਲਦੇ ਹਨ ਤਾਂ ਲੋਕ ਸੋਚਣਗੇ ਕਿ ਭਾਰਤ ਵਿਚ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇਹ ਸਹੀ ਨਹੀਂ ਹੈ ।ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਭਾਜਪਾ ਦੇ ਜਵਾਬ ਦਾ ਹੋਰ ਬਚਾਅ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਜਵਾਬ ਨਿੱਜੀ ਦੁਸ਼ਮਣੀ ਤੋਂ ਪ੍ਰੇਰਿਤ ਨਹੀਂ ਹੈ, ਸਗੋਂ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਵਜੋਂ ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਹੈ।