ਫ਼ਰਾਂਸ ਤੋਂ ਡੰਕੀ ਰੂਟ ਰਾਹੀਂ ਬਿ੍ਟੇਨ ਜਾ ਰਹੇ 85 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਜਲੰਧਰ ਦਾ ਨੌਜਵਾਨ ਲਾਪਤਾ

ਜਲੰਧਰ, 6 ਅਕਤੂਬਰ- ਪੰਜਾਬ ਦੇ ਨੌਜਵਾਨ ਜਾਂ ਤਾਂ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਹਨ, ਜਾਂ ਫਿਰ ਨਸ਼ਿਆਂ ਦਾ ਵਗਦਾ ਹੜ੍ਹ ਉਨ੍ਹਾਂ ਨੂੰ ਬਰਬਾਦ ਕਰ ਰਿਹਾ ਹੈ। ਵਿਦੇਸ਼ਾਂ ਵਿਚ ਪੰਜਾਬੀਆਂ ਨਾਲ ਜੁੜੀਆਂ ਰੋਜ਼ਾਨਾ ਦੀਆਂ ਘਟਨਾਵਾਂ ਦਿਲ ਤੋੜਨ ਵਾਲੀਆਂ ਹਨ। ਫਿਰ ਵੀ ਵਿਦੇਸ਼ ਜਾਣ ਦਾ ਸੁਪਨਾ ਅਜੇ ਵੀ ਰੁਕਿਆ ਨਹੀਂ ਹੈ। ਲੋਕ ਕਿਸੇ ਵੀ ਤਰੀਕੇ ਨਾਲ ਵਿਦੇਸ਼ਾਂ ਵਿਚ ਦਾਖਲ ਹੋਣਾ ਚਾਹੁੰਦੇ ਹਨ ਅਤੇ ਉਹ ਇਸ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਲਈ ਮਜਬੂਰ ਹਨ।
ਫਰਾਂਸ ਤੋਂ ਇਕ ਤਾਜ਼ੀ ਘਟਨਾ ਸਾਹਮਣੇ ਆਈ ਹੈ, ਜਿਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇਕ ਵੱਡਾ ਹਾਦਸਾ ਵਾਪਰਿਆ ਹੈ। ਰਿਪੋਰਟਾਂ ਅਨੁਸਾਰ, 1 ਅਕਤੂਬਰ ਨੂੰ, 85 ਨੌਜਵਾਨਾਂ ਨੂੰ ਫ਼ਰਾਂਸ ਤੋਂ ਬਿ੍ਰਟੇਨ ਲਿਜਾ ਰਹੀ ਕਿਸ਼ਤੀ ਅਚਾਨਕ ਧਮਾਕੇ ਅਤੇ ਹਵਾ ਦੇ ਨਿਕਲਣ ਕਾਰਨ ਡੁੱਬ ਗਈ। ਜਲੰਧਰ ਦੇ ਆਦਮਪੁਰ ਦੇ ਭਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ ਵਿਚ ਲਾਪਤਾ ਹੋ ਗਿਆ। ਸਾਰੇ ਨੌਜਵਾਨ 1 ਅਕਤੂਬਰ ਨੂੰ ਫਰਾਂਸ ਦੇ ਡੰਕਿਰਕ ਸ਼ਹਿਰ ਤੋਂ ਰਵਾਨਾ ਹੋਏ ਸਨ ਅਤੇ ਰਸਤੇ ਵਿਚ ਹੀ ਹਾਦਸਾ ਵਾਪਰਿਆ।
ਹਾਲਾਂਕਿ ਫਰਾਂਸੀਸੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਬਚਾਇਆ, ਪਰ ਪੰਜਾਬ ਦੇ ਪੰਜ ਨੌਜਵਾਨਾਂ ਵਿਚੋਂ ਜਲੰਧਰ ਦਾ ਅਰਵਿੰਦਰ ਸਿੰਘ ਅਜੇ ਵੀ ਲਾਪਤਾ ਹੈ। ਪਰਿਵਾਰ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿਚ ਹੈ। ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਕਿ 2 ਅਕਤੂਬਰ ਨੂੰ ਸਾਨੂੰ ਇਕ ਫੋਨ ਆਇਆ ਕਿ ਕਿਸ਼ਤੀ ਚਾਲਕ ਦੇ ਨਾਲ ਮੌਜੂਦ ਚਾਰ ਮੁੰਡਿਆਂ ਨੂੰ ਫਰਾਂਸੀਸੀ ਪੁਲਿਸ ਨੇ ਬਚਾਅ ਲਿਆ ਹੈ ਅਤੇ ਅਰਵਿੰਦਰ ਸਿੰਘ ਲਾਪਤਾ ਹੈ। ਪਰਿਵਾਰ ਨੇ ਸਰਕਾਰ ਨੂੰ ਨੌਜਵਾਨ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਹੁਣ ਤੱਕ ਫਰਾਂਸੀਸੀ ਪੁਲਿਸ ਨੇ ਪਰਿਵਾਰ ਨੂੰ ਨੌਜਵਾਨ ਦੀ ਭਾਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।