ਘਰੇਲੂ ਝਗੜੇ ਦੇ ਚੱਲਦਿਆਂ ਘਰ ਨੂੰ ਲਗਾਈ ਅੱਗ

ਕੋਟਫ਼ਤੂਹੀ (ਹੁਸ਼ਿਆਰਪੁਰ), 6 ਅਕਤੂਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਨਗਦੀਪੁਰ ਦੀਆਂ ਕਾਲੋਨੀਆਂ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਚੱਲਦੇ ਘਰੇਲੂ ਝਗੜੇ ਕਾਰਨ ਸਵੇਰੇ ਸਾਢੇ ਕੁ ਅੱਠ ਵਜੇ ਦੇ ਕਰੀਬ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਮੌਕੇ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ। ਜਾਣਕਾਰੀ ਅਨੁਸਾਰ ਮਨਦੀਪ ਕੌਰ ਨਿਵਾਸੀ ਨਗਦੀਪੁਰ ਜਿਸ ਦੇ ਵਿਆਹ ਨੂੰ ਲਗਭਗ 15 ਕੁ ਸਾਲ ਹੋ ਗਏ ਹਨ, ਉਸ ਦੇ ਤਿੰਨ ਲੜਕੇ ਹਨ। ਪਿਛਲੇ ਕੁਝ ਸਮੇਂ ਤੋਂ ਉਸ ਦਾ ਪਤੀ ਰਵੀ ਸ਼ੇਰ ਸਿੰਘ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਉਸ ਦੀ ਮਾਰ-ਕੁਟਾਈ ਕਰਦਾ ਹੈ। ਘਰ ਵਿਚ ਘਰੇਲੂ ਝਗੜਾ ਹੋਣ ਕਰਕੇ ਬੀਤੇ ਦਿਨ ਉਸ ਦੇ ਪਤੀ ਨੇ ਘਰ ਅੰਦਰ ਸਵੇਰੇ ਸਾਢੇ ਅੱਠ ਕੁ ਵਜੇ ਦੇ ਕਰੀਬ ਅੱਗ ਲਗਾ ਦਿੱਤੀ। ਮੌਕੇ ਉਤੇ ਪਿੰਡ ਵਾਸੀਆਂ ਵਲੋਂ ਗੜ੍ਹਸ਼ੰਕਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਮਕਾਨ ਨੂੰ ਕੋਈ ਤਾਕੀ ਨਾ ਹੋਣ ਕਰਕੇ ਅੰਦਰ ਅੱਗ ਸਾਰੇ ਕਮਰਿਆਂ ਵਿਚ ਫੈਲ ਗਈ, ਜਿਸ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ।
ਮਕਾਨ ਅੰਦਰ ਅੱਗ ਲੱਗਣ ਕਰਕੇ ਧੂੰਏਂ ਤੇ ਗੈਸ ਵਿਚ ਜੱਦੋ-ਜਹਿਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਾ ਸੀ। ਮੌਕੇ ਉਤੇ ਮਨਦੀਪ ਕੌਰ ਤੇ ਉਸ ਦੇ ਪਿਤਾ ਗਿਆਨ ਸਿੰਘ ਬੰਗਾ ਨੇ ਦੱਸਿਆ ਕਿ ਇਹ ਮਕਾਨ ਉਨ੍ਹਾਂ ਵਲੋਂ ਆਪਣੀ ਲੜਕੀ ਨੂੰ ਬਣਾ ਕੇ ਦਿੱਤੀ ਗਈ ਸੀ ਤੇ ਘਰ ਦੇ ਅੰਦਰ ਦਾ ਸਾਮਾਨ ਵੀ ਉਨ੍ਹਾਂ ਵਲੋਂ ਦਿੱਤਾ ਗਿਆ ਸੀ ਪਰ ਇਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਮਾਨਸਿਕ ਤੌਰ ਉਤੇ ਉਨ੍ਹਾਂ ਦੀ ਲੜਕੀ ਨੂੰ ਬਹੁਤ ਤੰਗ ਕਰਦਾ ਹੈ। ਅੱਜ ਸਵੇਰੇ ਘਰ ਅੰਦਰਲਾ ਸਾਰਾ ਸਾਮਾਨ ਸਾੜ ਦਿੱਤਾ। ਇਸ ਸੰਬੰਧ ਵਿਚ ਉਨ੍ਹਾਂ ਪੁਲਿਸ ਚੌਕੀ ਕੋਟਫ਼ਤੂਹੀ ਨੂੰ ਸੂਚਿਤ ਕਰ ਦਿੱਤਾ ਹੈ।