JALANDHAR WEATHER

ਕੇਂਦਰੀ ਬਿਜਲੀ ਰਾਜ ਮੰਤਰੀ ਸ਼੍ਰੀਪਦ ਨਾਇਕ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਸੁਲਤਾਨਪੁਰ ਲੋਧੀ, 6 ਅਕਤੂਬਰ (ਥਿੰਦ)-ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ ਨੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਅਤੇ ਪੁਨਰਵਾਸ ਯਤਨਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਆਪਣੇ ਦੋ ਦਿਨਾਂ ਦੌਰੇ ਦੇ ਹਿੱਸੇ ਵਜੋਂ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਤਹਿਸੀਲ ਦਾ ਦੌਰਾ ਕੀਤਾ। ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਰਦਾਸ ਕੀਤੀ। ਇਤਿਹਾਸਿਕ ਗੁਰਦੁਆਰੇ ਵਿਖੇ ਉਨ੍ਹਾਂ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਦੁਪਹਿਰ ਵੇਲੇ ਨਾਇਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਵਿਸਤ੍ਰਿਤ ਦੌਰਾ ਕੀਤਾ। ਪਿੰਡ ਬੂਲੇ, ਆਹਲੀ ਮੰਡ, ਆਹਲੀ ਖੁਰਦ ਵਿਚ ਪ੍ਰਭਾਵਿਤ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।ਮੰਤਰੀ ਨੇ ਸਥਾਨਕ ਪੰਚਾਇਤ ਮੈਂਬਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ, ਜਿਨ੍ਹਾਂ ਵਿਚ ਸੁਲਤਾਨਪੁਰ ਦੇ ਐਸ.ਡੀ.ਐਮ. ਅਤੇ ਹੋਰ ਅਧਿਕਾਰੀ ਸ਼ਾਮਿਲ ਹਨ, ਨਾਲ ਵੀ ਗੱਲਬਾਤ ਕੀਤੀ ਅਤੇ ਚੱਲ ਰਹੇ ਪੁਨਰਵਾਸ ਕਾਰਜਾਂ ਦੀ ਸਮੀਖਿਆ ਕੀਤੀ। ਆਪਣੀ ਫੇਰੀ ਦੌਰਾਨ ਬੋਲਦਿਆਂ ਨਾਇਕ ਨੇ ਕਿਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪੰਜਾਬ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਤੱਕ ਨਿੱਜੀ ਤੌਰ ਉਤੇ ਪਹੁੰਚ ਕਰ ਰਹੇ ਹਨ। ਕੇਂਦਰ ਸਰਕਾਰ ਪੰਜਾਬ ਵਿਚ ਤੇਜ਼ੀ ਨਾਲ ਮੁੜ ਵਸੇਬੇ ਅਤੇ ਆਮ ਸਥਿਤੀ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਘੜੀ ਵਿਚ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਰਾਜ ਸਰਕਾਰ, ਐਨ.ਡੀ.ਆਰ.ਐਫ., ਸੁਰੱਖਿਆ ਬਲਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਆਮ ਸਥਿਤੀ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਹਰ ਜ਼ਰੂਰੀ ਸਹਾਇਤਾ ਜਾਰੀ ਰਹੇਗੀ।

ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਮੰਤਰੀ ਕੱਲ੍ਹ ਨੂੰ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਸ ਵਿਚ ਰਾਜੇਵਾਲ, ਅੰਮ੍ਰਿਤਪੁਰ, ਭੰਡਾਲ ਬੇਟ ਅਤੇ ਨੇੜਲੇ ਪਿੰਡ ਸ਼ਾਮਿਲ ਹਨ, ਦਾ ਹੋਰ ਜਾਇਜ਼ਾ ਲੈਣਗੇ। ਉਹ ਗੁਰਦੁਆਰਾ ਸੈਫਲਾਬਾਦ ਪਾਤਸ਼ਾਹੀ ਅਤੇ ਭਗਵਾਨ ਵਾਲਮੀਕਿ ਮੰਦਿਰ ਕਪੂਰਥਲਾ ਵਿਖੇ ਵੀ ਮੱਥਾ ਟੇਕਣਗੇ। ਇਸ ਦੌਰੇ ਦੌਰਾਨ ਮੰਤਰੀ ਦੇ ਨਾਲ ਭਾਜਪਾ ਜ਼ਿਲ੍ਹਾਪ੍ਰਧਾਨ ਰਣਜੀਤ ਸਿੰਘ ਦਿਓਲ ਖੋਜੇਵਾਲ, ਐਸ.ਡੀ.ਐਮ. ਸ਼੍ਰੀਮਤੀ ਅਲਕਾ ਕਾਲੀਆ, ਤਹਿਸੀਲਦਾਰ ਪਰਮਿੰਦਰ ਸਿੰਘ, ਸਰਪੰਚ ਸ਼ਮਿੰਦਰ ਸਿੰਘ ਨੰਬਰਦਾਰ ਲਖਵਿੰਦਰ ਸਿੰਘ, ਭਾਜਪਾ ਦੇ ਸੂਬਾ ਕੋ-ਕਨਵੀਨਰ ਸੋਸ਼ਲ ਮੀਡੀਆ ਵਿੱਕੀ ਗੁਜਰਾਲ, ਅਸ਼ਵਨੀ ਤੁਲੀ, ਰਾਜੇਸ਼ ਸ਼ਰਮਾ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਕੇਵਲ ਸਿੰਘ, ਕਾਰਜ ਸਿੰਘ, ਸੁਰਿੰਦਰ ਗੁਜਰਾਲ, ਰਣਜੋਧ ਸਿੰਘ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਮੰਡਲ ਪ੍ਰਧਾਨ ਸਰਬਜੀਤ ਦਿਓਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਜਪਾ ਜ਼ਿਲ੍ਹਾ ਇਕਾਈ ਦੇ ਹੋਰ ਅਧਿਕਾਰੀ ਵੀ ਸ਼ਾਮਿਲ ਹੋਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ