ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਨਗਰੀ 'ਚ ਨਗਰ ਕੀਰਤਨ ਵਾਲੇ ਰੂਟ 'ਤੇ 7 ਤੇ 8 ਅਕਤੂਬਰ ਨੂੰ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)-ਵਧੀਕ ਜ਼ਿਲ੍ਹਾ ਮੈਜਿਸਟਰੇਟ, ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਤੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 (1) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 7 ਅਕਤੂਬਰ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ 8 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਾਲੇ ਸਥਾਨਾਂ ਦੇ ਆਲੇ-ਦੁਆਲੇ ਪੈਂਦੇ 500 ਮੀਟਰ ਦੇ ਘੇਰੇ ਵਿਚ ਅਤੇ 7 ਅਕਤੂਬਰ ਨੂੰ ਨਗਰ ਕੀਰਤਨ ਵਾਲੇ ਰੂਟ/ਰਸਤਿਆਂ ਵਿਚ 100 ਮੀਟਰ ਆਲੇ-ਦੁਆਲੇ ਸ਼ਰਾਬ ਦੀਆਂ ਦੁਕਾਨਾਂ/ਠੇਕੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਸਿਗਰਟ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਆਂਡਾ ਮੀਟ ਦੀਆਂ ਦੁਕਾਨਾਂ ਉਤੇ ਵੀ ਲਾਗੂ ਹੋਣਗੇ।
ਦੱਸਣਯੋਗ ਹੈ ਕਿ ਜਨਰਲ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਨੇ ਇਸ ਸੰਬੰਧੀ ਮੰਗ-ਪੱਤਰ ਦੇ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ 7 ਅਕਤੂਬਰ ਅਤੇ 8 ਅਕਤੂਬਰ ਵਾਲੇ ਦਿਨ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਵੀ 7 ਅਕਤੂਬਰ ਨੂੰ ਡਰਾਈ ਡੇਅ ਘੋਸ਼ਿਤ ਕਰਨ ਅਤੇ ਆਂਡਾ, ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਸੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਮੰਗ-ਪੱਤਰ ਨੂੰ ਸਵੀਕਾਰ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ।