ਰਾਜਸਥਾਨ ਸਰਕਾਰ ਨੇ ਐਸ.ਐਮ.ਐਸ. ਹਸਪਤਾਲ ਅੱਗ ਪੀੜਤਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਜੈਪੁਰ (ਰਾਜਸਥਾਨ), 6 ਅਕਤੂਬਰ (ਏਐਨਆਈ): ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਅੱਗ ਲੱਗਣ ਦੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ, ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ । ਐਕਸ 'ਤੇ ਇਕ ਪੋਸਟ ਵਿਚ, ਰਾਜਸਥਾਨ ਦੇ ਮੁੱਖ ਮੰਤਰੀ ਨੇ ਲਿਖਿਆ ਕਿ ਸਵਾਈ ਮਾਨ ਸਿੰਘ ਹਸਪਤਾਲ ਦੇ ਟਰਾਮਾ ਸੈਂਟਰ ਵਿਚ ਅੱਗ ਲੱਗਣ ਦੀ ਦੁਖਦਾਈ ਘਟਨਾ ਨੇ ਸਾਰਿਆਂ ਨੂੰ ਦੁਖੀ ਕੀਤਾ ਹੈ। ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦਿਲ ਦਹਿਲਾ ਦੇਣ ਵਾਲੇ ਪਲ ਵਿਚ, ਰਾਜ ਸਰਕਾਰ ਪਰਿਵਾਰਾਂ ਦੇ ਨਾਲ ਹੈ।
ਐਤਵਾਰ ਦੇਰ ਰਾਤ ਜੈਪੁਰ ਦੇ ਐਸ.ਐਮ.ਐਸ. ਹਸਪਤਾਲ ਦੇ ਇਕ ਟਰਾਮਾ ਸੈਂਟਰ ਦੇ ਆਈ.ਸੀ.ਯੂ. ਵਿਚ ਅੱਗ ਲੱਗ ਗਈ। ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸਫ਼ ਨੇ ਦੁਖਦਾਈ ਹਾਦਸੇ ਤੋਂ ਬਾਅਦ 6 ਮੌਤਾਂ ਦੀ ਪੁਸ਼ਟੀ ਕੀਤੀ। ਰਾਜਸਥਾਨ ਸਰਕਾਰ ਨੇ ਹਸਪਤਾਲ ਦੇ ਟਰਾਮਾ ਸੈਂਟਰ ਵਿਚ ਭਿਆਨਕ ਅੱਗ ਲੱਗਣ ਤੋਂ ਬਾਅਦ ਸਖ਼ਤ ਕਾਰਵਾਈ ਕਰਦਿਆਂ ਟਰਾਮਾ ਸੈਂਟਰ ਦੇ ਸੁਪਰਡੈਂਟਾਂ ਨੂੰ ਹਟਾ ਦਿੱਤਾ, ਕਾਰਜਕਾਰੀ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਅਤੇ ਅੱਗ ਸੁਰੱਖਿਆ ਲਈ ਜ਼ਿੰਮੇਵਾਰ ਏਜੰਸੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ ।