ਆਰਜ਼ੀ ਫੜ੍ਹਾਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਆੜ੍ਹਤੀਆਂ ਨੇ ਝੋਨੇ ਦੀ ਬੋਲੀ ਕੀਤੀ ਬੰਦ

ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਝੋਨੇ ਦੇ ਸੀਜ਼ਨ ਲਈ ਪ੍ਰਾਈਵੇਟ ਫੜ੍ਹਾਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਅਨਾਜ ਮੰਡੀ ਸੰਗਰੂਰ ਦੇ ਆੜ੍ਹਤੀਆਂ ਨੇ ਝੋਨੇ ਦੀ ਬੋਲੀ ਬੰਦ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ। ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿਚ ਆਉਂਦੇ ਅਨਾਜ ਦੀ ਮਿਕਦਾਰ ਮੁਤਾਬਕ ਮੰਡੀ ਦੀ ਜਗ੍ਹਾ ਘੱਟ ਹੈ, ਇਸ ਕਾਰਨ ਝੋਨੇ ਅਤੇ ਕਣਕ ਦੇ ਸੀਜ਼ਨ ਵਿਚ ਪ੍ਰਾਈਵੇਟ ਫੜ੍ਹਾਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਤਾਂ ਜੋ ਆਪਣੀ ਫਸਲ ਵੇਚਣ ਲਈ ਮੰਡੀ ਵਿਚ ਆਉਂਦੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਦੇ ਚਲਦਿਆਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮੰਡੀ ਦੇ ਆੜ੍ਹਤੀਆਂ ਵਲੋਂ ਕਰੀਬ 70 ਫੜ੍ਹਾਂ ਦੀ ਮਨਜ਼ੂਰੀ ਮੰਗੀ ਗਈ ਸੀ ਪਰ ਹੁਣ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜਿਹੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਦੇ ਚਲਦਿਆਂ ਮੰਡੀ ਦੇ ਆੜ੍ਹਤੀਆਂ ਵਲੋਂ ਝੋਨੇ ਦੀ ਬੋਲੀ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ ਬਾਸਮਤੀ ਦੀ ਬੋਲੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸ਼ੀਸ਼ਨ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਮਾਰਕੀਟ ਕਮੇਟੀ ਸੰਗਰੂਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਨਾਲ ਹੀ ਆੜ੍ਹਤੀਆਂ ਨੂੰ ਵੀ ਇਸ ਸੰਬੰਧੀ ਸੁਚੇਤ ਕਰ ਦਿੱਤਾ ਗਿਆ ਹੈ ਕਿ ਜਿਹੜਾ ਆੜ੍ਹਤੀ ਭਰਾ ਇਸ ਦੌਰਾਨ ਕੋਈ ਮਾਲ ਚੁਕਵਾਉਂਦਾ ਹੈ ਜਾਂ ਤੁਲਾਈ ਕਰਦਾ ਹੈ ਜਾਂ ਬੋਲੀ ਕਰਵਾਉਂਦਾ ਪਾਇਆ ਗਿਆ, ਉਸ ਦਾ ਪੂਰਨ ਤੌਰ ਉਤੇ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਆੜ੍ਹਤੀ ਭਰਾ ਦੀ ਬਾਸਮਤੀ ਜੀਰੀ ਦੀ ਬੋਲੀ ਬੰਦ ਕਰ ਦਿੱਤੀ ਜਾਵੇਗੀ। ਜੇਕਰ ਸਰਕਾਰ ਨੇ ਮੰਗੇ ਗਏ ਪ੍ਰਾਈਵੇਟ ਫੜ੍ਹ ਪਾਸ ਨਾ ਕੀਤੇ ਤਾਂ ਮੰਡੀ ਪੂਰਨ ਤੌਰ ਉਤੇ ਬੰਦ ਕੀਤੀ ਜਾਵੇਗੀ।
ਇਨ੍ਹਾਂ ਵਿਚਾਰਾਂ ਦੀ ਆੜ੍ਹਤੀਏ ਕੇਵਲ ਗੁਪਤਾ, ਕਮਲ ਮਿੱਤਲ, ਵਿਜੇ ਜੈਨ,ਪ੍ਰਦੀਪ ਸਿੰਗਲਾ, ਨਰੇਸ਼ ਵਿਕੀ, ਹਰਿੰਦਰ ਬਾਵਾ, ਨਰਿੰਦਰ ਨਿੰਦੀ, ਮਨੋਜ ਗਰਗ, ਕੇਵਲ ਸਿੰਘ, ਜਤਿੰਦਰ ਸਿੰਘ ਗਰੇਵਾਲ, ਦਲਵੀਰ ਔਲਖ, ਕੇਸ਼ਵ ਸਿੰਘਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੋਂ ਇਲਾਵਾ ਅਕਾਊਂਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾਰੀ, ਸੁਰਜੀਤ ਭੁੱਲਰ, ਵਕੀਲ ਮਸਾਨ, ਵਰਨ ਬੰਟੀ, ਪਰਮਜੀਤ ਕਾਂਝਲਾ, ਗੋਗੀ ਉਭਾਵਾਲ ਅਤੇ ਹਰਦੀਪ ਸ਼ਰਮਾ ਨੇ ਵੀ ਪਰੋੜਤਾ ਕੀਤੀ ਹੈ।