JALANDHAR WEATHER

ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ, ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਧਰਤੀ ’ਤੇ ਵਿੱਛੀ

ਸੁਲਤਾਨਪੁਰ ਲੋਧੀ, (ਕਪੂਰਥਲਾ), 6 ਅਕਤੂਬਰ (ਥਿੰਦ)- ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਵਿਚ ਆਈ ਇਕਦਮ ਤਬਦੀਲੀ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਬੀਤੀ ਅੱਧੀ ਰਾਤ ਤੋਂ ਸ਼ੁਰੂ ਹੋਏ ਮੀਂਹ ਨਾਲ ਜਿਥੇ ਤਾਪਮਾਨ ਵਿਚ ਵੱਡੀ ਗਿਰਾਵਟ ਆਈ ਹੈ, ਉੱਥੇ ਹੀ ਝੋਨੇ ਦੀ ਕਟਾਈ ਅਤੇ ਸਬਜ਼ੀਆਂ ਦੀ ਬਿਜਾਈ ਦਾ ਜੰਗੀ ਪੱਧਰ ’ਤੇ ਚੱਲ ਰਿਹਾ ਕੰਮ ਪੂਰੀ ਤਰ੍ਹਾਂ ਰੁੱਕ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ 4 ਤੋਂ 5 ਮਿਲੀਮੀਟਰ ਮੀਂਹ ਪੈਣ ਤੇ ਤੇਜ਼ ਹਵਾ ਚੱਲਣ ਕਾਰਨ ਕਈ ਥਾਵਾਂ ’ਤੇ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਧਰਤੀ ’ਤੇ ਵਿੱਛ ਗਈਆਂ ਹਨ, ਜਿਸ ਦੀ ਆਉਣ ਵਾਲੇ ਦਿਨਾਂ ਦੌਰਾਨ ਕਿਸਾਨਾਂ ਨੂੰ ਮਸ਼ੀਨਾਂ ਨਾਲ ਕਟਾਈ ਕਰਨੀ ਔਖੀ ਹੋ ਜਾਵੇਗੀ। ਬੀਤੇ ਦਿਨਾਂ ਤੋਂ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਅਤੇ ਸਬਜ਼ੀਆਂ ਦੀ ਬਿਜਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ ਪਰ ਮੀਂਹ ਨੇ ਸਾਰਾ ਕੁਝ ਠੱਪ ਕਰ ਦਿੱਤਾ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਸਬਜ਼ੀ ਉਤਪਾਦਕ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਗਾਜ਼ਰ ਅਤੇ ਮਟਰ ਦੀ ਬਿਜਾਈ ਲਈ ਖੇਤਾਂ ਨੂੰ ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਸੀ ਅਤੇ ਇਕ ਦੋ ਦਿਨਾਂ ਤੱਕ ਗਾਜ਼ਰ ਅਤੇ ਮਟਰਾਂ ਦੀ ਬਿਜਾਈ ਸ਼ੁਰੂ ਕਰ ਦੇਣੀ ਸੀ ਪਰ ਅਚਾਨਕ ਆਏ ਮੀਂਹ ਨੇ 5 ਤੋਂ 6 ਦਿਨ ਬਿਜਾਈ ਲੇਟ ਕਰ ਦਿੱਤੀ ਹੈ। ਹੁਣ ਦੁਬਾਰਾ ਫਿਰ ਜ਼ਮੀਨਾਂ ਤਿਆਰ ਕਰਨ ਲਈ ਮਹਿੰਗੇ ਮੁੱਲ ਦਾ ਡੀਜ਼ਲ ਬਾਲਣਾ ਪਵੇਗਾ।

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਾਜ਼ਰ ਦੀ ਬਿਜਾਈ ਕਰ ਦਿੱਤੀ ਸੀ ਪਰ ਮੀਂਹ ਪੈਣ ਨਾਲ ਕਰੰਡੀ ਬਣ ਸਕਦੀ ਹੈ ਜਿਸ ਨਾਲ ਗਾਜ਼ਰ ਦੇ ਉੱਗਣ ਸਮੇਂ ਦਿੱਕਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਨ੍ਹਾਂ ਵਿਚ 7501 ਅਤੇ 7301 ਆਦਿ ਧਰਤੀ ’ਤੇ ਬੁਰੀ ਤਰ੍ਹਾਂ ਵਿੱਛ ਗਈਆਂ ਹਨ। ਇਸ ਨਾਲ ਕਟਾਈ ਦੇ ਨਾਲ ਨਾਲ ਝਾੜ ’ਤੇ ਵੀ ਅਸਰ ਪਵੇਗਾ। ਕਿਸਾਨ ਆਗੂ ਪਰਮਜੀਤ ਸਿੰਘ ਪੱਸਣ ਕਦੀਮ ਨੇ ਦੱਸਿਆ ਕਿ ਹਲਦੀ ਰੋਗ ਨੇ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਕੀਤਾ ਸੀ ਹੁਣ ਬੇਮੌਸਮੀ ਬਰਸਾਤ ਨੇ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸੁਲਤਾਨਪੁਰ ਲੋਧੀ ਮੰਡੀ ਵਿਚ ਕਿਸਾਨਾਂ ਨੇ ਦੱਸਿਆ ਕਿ ਰਾਤ ਅਚਾਨਕ ਮੀਂਹ ਨਾਲ ਉਨ੍ਹਾਂ ਦੀਆਂ ਕੁਝ ਢੇਰੀਆਂ ਭਿੱਜ ਗਈਆਂ ਸਨ। ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨਾਂ ਮੰਡੀਆਂ ਵਿੱਚ ਆ ਰਹੇ ਝੋਨੇ ਵਿਚ ਨਮੀ ਜ਼ਿਆਦਾ ਹੋਣ ਕਰਕੇ ਉਸ ਨੂੰ ਸੁਕਾ ਕੇ ਤੋਲਿਆ ਜਾ ਰਿਹਾ ਸੀ। ਮੀਂਹ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਆਵੇਗੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਝੋਨੇ ਦੀ ਖ਼ਰੀਦ ਸਮੇਂ ਮੁਸ਼ਕਿਲ ਆਵੇਗੀ। ਉੱਧਰ ਕੰਬਾਈਨ ਮਾਲਕਾਂ ਨੇ ਕਿਹਾ ਕਿ ਝੋਨੇ ਦੀ ਕਟਾਈ ਦਾ ਕੰਮ ਅਜੇ ਸ਼ੁਰੂ ਹੋਇਆ ਸੀ ਕਿ ਮੀਂਹ ਪੈਣ ਨਾਲ ਤਿੰਨ ਤੋਂ ਚਾਰ ਦਿਨਾਂ ਲਈ ਠੱਪ ਹੋ ਗਿਆ ਹੈ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਵਿਚ ਝੋਨਾ ਸੁੱਕਾ ਹੀ ਲੈ ਕੇ ਆਉਣ ਤਾਂ ਜੋ ਖ਼ਰੀਦ ਸਮੇਂ ਕਿਸੇ ਕਿਸਮ ਦੀ ਦਿਕੱਤ ਨਾ ਆਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ