ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ 14.50 ਕਰੋੜ ਰੁਪਏ ਦੀ ਰਕਮ ਜਾਰੀ-ਲਾਲਜੀਤ ਸਿੰਘ ਭੁੱਲਰ

ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿਚ ਹੜ੍ਹ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਤੇ ਹੋਰ ਖ਼ਰਾਬੇ ਦੇ ਮੁਆਵਜ਼ੇ ਲਈ 14.50 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ਤੇ ਅਗਲੇ ਕੁਝ ਦਿਨਾਂ ਵਿਚ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਬਣਦੀ ਰਕਮ ਤਕਸੀਮ ਕਰ ਦਿੱਤੀ ਜਾਵੇਗੀ | ਇਹ ਗੱਲ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਅੱਜ ਕਪੂਰਥਲਾ ਦੇ ਸਬ ਡਵੀਜ਼ਨ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਚ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਸੰਬੰਧੀ ਹੋਏ ਸਮਾਗਮ ਵਿਚ ਪਿੰਡ ਚੱਕਪੱਤੀ ਬਾਲੂ ਬਹਾਦਰ, ਹੁਸੈਨਪੁਰ ਬੂਲੇ ਤੇ ਪਿੰਡ ਕਿਸ਼ਨ ਸਿੰਘ ਵਾਲਾ ਦੇ 25 ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ, ਘਰਾਂ ਦੇ ਹੋਏ ਨੁਕਸਾਨ ਦੀ ਮੁਆਵਜ਼ੇ ਦੀ ਰਾਸ਼ੀ ਸੰਬੰਧੀ ਮਨਜ਼ੂਰੀ ਪੱਤਰ ਸੌਂਪਣ ਮੌਕੇ ਕਹੀ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ ਤੇ ਸਰਕਾਰ ਵਲੋਂ ਕਿਸਾਨਾਂ ਨੂੰ 5 ਲੱਖ ਏਕੜ ਵਿਚ ਕਣਕ ਦੀ ਬਿਜਾਈ ਲਈ ਬੀਜ ਵੀ ਪ੍ਰਦਾਨ ਕੀਤਾ ਜਾਵੇਗਾ |
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਅਜਨਾਲਾ ਸਬ ਡਵੀਜ਼ਨ ਵਿਚ 631 ਕਿਸਾਨਾਂ ਨੂੰ 5.70 ਕਰੋੜ ਦੇ ਮੁਆਵਜ਼ੇ ਦੇ ਚੈੱਕ ਤਕਸੀਮ ਕਰਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕਰ ਚੁੱਕੇ ਹਨ |