ਡਾਂਸ ਗੁਰੂ ਮਧੁਮਤੀ ਦਾ ਦਿਹਾਂਤ

ਮੁੰਬਈ, 15 ਅਕਤੂਬਰ- ਆਂਖੇਂ, ਟਾਵਰ ਹਾਊਸ ਤੇ ਸ਼ਿਕਾਰੀ ਫਿਲਮਾਂ ਦੀ ਅਦਾਕਾਰਾ ਤੇ ਡਾਂਸਰ ਮਧੂਮਤੀ ਨੇ 87 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਮਧੂਮਤੀ ਦੇ ਦਿਹਾਂਤ ਦੀਆਂ ਖ਼ਬਰਾਂ ਆਉਣ ਤੋਂ ਤੁਰੰਤ ਬਾਅਦ ਅਕਸ਼ੈ ਕੁਮਾਰ, ਵਿੰਦੂ ਦਾਰਾ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀਆਂ ਦਿੱਤੀਆਂ ਹਨ ।
ਮਧੂਮਤੀ ਦੀ ਜ਼ਿੰਦਗੀ ਨਾਚ ਤੋਂ ਬਿਨਾਂ ਅਧੂਰੀ ਸੀ। ਕਿਹਾ ਜਾਂਦਾ ਹੈ ਕਿ ਨਾਚ ਉਸ ਲਈ ਸਾਹ ਲੈਣ ਵਾਂਗ ਹੀ ਜ਼ਰੂਰੀ ਸੀ। ਉਨ੍ਹਾਂ ਦਾ ਜਨਮ 30 ਮਈ, 1944 ਨੂੰ ਮੁੰਬਈ ਦੇ ਇਕ ਪਾਰਸੀ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਜੱਜ ਸਨ, ਪਰ ਮਧੂਮਤੀ ਦਾ ਝੁਕਾਅ ਛੋਟੀ ਉਮਰ ਤੋਂ ਹੀ ਨਾਚ ਅਤੇ ਅਦਾਕਾਰੀ ਵੱਲ ਸੀ। ਬਚਪਨ ਤੋਂ ਹੀ ਕਥਕ, ਮਨੀਪੁਰੀ ਅਤੇ ਕਥਕਲੀ ਵਰਗੀਆਂ ਭਾਰਤੀ ਸ਼ਾਸਤਰੀ ਨਾਚ ਸ਼ੈਲੀਆਂ ਵਿਚ ਮੁਹਾਰਤ ਹਾਸਲ ਕਰ ਲਈ।
ਲਗਭਗ 25 ਸਾਲਾਂ ਦੇ ਆਪਣੇ ਕਰੀਅਰ ਵਿਚ ਉਨ੍ਹਾਂ ਨੇ 250 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਸੀ, ਜਿਸ ਵਿਚ ਹਿੰਦੀ ਫਿਲਮਾਂ ਦੇ ਨਾਲ-ਨਾਲ ਮਰਾਠੀ, ਗੁਜਰਾਤੀ, ਪੰਜਾਬੀ, ਭੋਜਪੁਰੀ ਅਤੇ ਦੱਖਣੀ ਭਾਰਤੀ ਭਾਸ਼ਾਵਾਂ ਵਿਚ ਖੇਤਰੀ ਫਿਲਮਾਂ ਵੀ ਸ਼ਾਮਲ ਹਨ। 30 ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਜਿਨ੍ਹਾਂ ਵਿਚ ਡਾਂਸ ਨੰਬਰ ਸਨ ਅਤੇ ਕੁਝ ਵਿਚ ਮੁੱਖ ਅਤੇ ਸਹਾਇਕ ਭੂਮਿਕਾਵਾਂ ਵੀ ਨਿਭਾਈਆਂ।