ਰਾਏਬਰੇਲੀ ਵਿਖੇ ਹਰੀਓਮ ਦੇ ਪਰਿਵਾਰ ਨੂੰ ਮਿਲਣ ਪੁੱਜੇ ਰਾਹੁਲ ਗਾਂਧੀ


ਲਖਨਊ, 17 ਅਕਤੂਬਰ- ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਉਤਰ ਪ੍ਰਦੇਸ਼ ਦੇ ਫਤਿਹਪੁਰ ਪਹੁੰਚੇ। ਉਹ ਰਾਏਬਰੇਲੀ ਵਿਚ ਕਤਲ ਕੀਤੇ ਗਏ ਦਲਿਤ ਨੌਜਵਾਨ ਹਰੀਓਮ ਵਾਲਮੀਕਿ ਦੇ ਪਰਿਵਾਰ ਨੂੰ ਮਿਲਣ ਲਈ ਗਏ। ਹਾਲਾਂਕਿ ਹਰੀਓਮ ਦੇ ਪਰਿਵਾਰ ਨੇ ਰਾਹੁਲ ਗਾਂਧੀ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਪੁਲਿਸ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਦਿੱਤਾ।
ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ। ਰਾਹੁਲ ਹੁਣ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ। ਪਹਿਲਾਂ ਪਰਿਵਾਰ ਨੇ ਕਿਹਾ ਸੀ ਕਿ ਉਹ ਸਰਕਾਰ ਤੋਂ ਸੰਤੁਸ਼ਟ ਹਨ ਅਤੇ ਕੋਈ ਰਾਜਨੀਤਿਕ ਸ਼ਮੂਲੀਅਤ ਨਹੀਂ ਚਾਹੁੰਦੇ। ਇਸ ਤੋਂ ਬਾਅਦ ਰਾਹੁਲ ਗਾਂਧੀ ਲੰਬੇ ਸਮੇਂ ਤੱਕ ਹਰੀਓਮ ਦੇ ਘਰ ਦੇ ਬਾਹਰ ਰਹੇ। ਉਨ੍ਹਾਂ ਨੂੰ ਪਰਿਵਾਰ ਨੂੰ ਮਿਲਣ ਤੋਂ ਰੋਕਿਆ ਗਿਆ। ਕਾਂਗਰਸੀ ਵਰਕਰ ਮੌਕੇ ’ਤੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸੀ ਆਗੂਆਂ ਨੇ ਪ੍ਰਸ਼ਾਸਨ ’ਤੇ ਮੁਲਾਕਾਤ ਰੋਕਣ ਦਾ ਦੋਸ਼ ਲਗਾਇਆ।
ਦਰਅਸਲ 2 ਅਕਤੂਬਰ ਨੂੰ ਰਾਏਬਰੇਲੀ ਵਿਚ ਇਕ ਦਲਿਤ ਨੌਜਵਾਨ ਹਰੀਓਮ ਵਾਲਮੀਕਿ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਰਾਜ ਸਰਕਾਰ ਨੇ ਕਾਰਵਾਈ ਕੀਤੀ, ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ।