ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ

ਪੱਟੀ, (ਤਰਨਤਾਰਨ), 17 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਸਥਾਨਕ ਸ਼ਹਿਰ ਦੇ ਰੇਲਵੇ ਸਟੇਸਨ ਰੋਡ ’ਤੇ ਮਾਮੂਲੀ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋ ਪੱਖਾਂ ਵਿਚ ਹੋਈ ਬਹਿਸ ਦੌਰਾਨ ਇਕ ਪੱਖ ਵਲੋਂ ਗੋਲੀ ਚਲਾਈ ਗਈ। ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਵਰਿੰਦਰ ਕੁਮਾਰ ਪੁੱਤਰ ਕ੍ਰਿਸਨ ਲਾਲ ਨੇ ਦੱਸਿਆ ਕਿ ਮੈ ਫੂਡ ਸਪਲਾਈ ਵਿਭਾਗ ਵਿਚ ਡਾਟਾ ਆਪ੍ਰੇਟਰ ਦੀ ਨੌਕਰੀ ਕਰਦਾ ਹਾਂ ਤੇ ਜਦ ਦੇਰ ਸ਼ਾਮ ਮੈਂ ਤੇ ਮੇਰਾ ਭਰਾ ਰਜਿੰਦਰ ਕੁਮਾਰ, ਜੋ ਮੰਡੀ ਵਿਚ ਕੰਮ ਕਰਦਾ ਹੈ, ਅਸੀਂ ਦੋਵੇਂ ਆਪਣੇ ਘਰ ਨੂੰ ਆ ਰਹੇ ਸੀ ਤਾਂ ਸਟੇਸ਼ਨ ਰੋਡ ’ਤੇ ਇਕ ਕਾਰ ਰਸਤੇ ਵਿਚ ਖੜੀ ਹੋਣ ਕਾਰਨ ਰੋਡ ਜਾਮ ਹੋ ਗਿਆ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਸਾਡੇ ਸਾਹਮਣੇ ਇਕ ਮੋਟਰਸਾਈਕਲ ਸਵਾਰ ਆਦਮੀ ਸਾਡੇ ਨਜ਼ਦੀਕ ਦੀ ਲੰਘਣ ਲੱਗਿਆ ਤਾਂ ਉਸ ਨੇ ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰੀ। ਜਿਸ ’ਤੇ ਸਾਡੀ ਬਹਿਸ ਹੋ ਗਈ ਤੇ ਤਲਖੀ ਵਿਚ ਆ ਕੇ ਉਸ ਵਿਅਕਤੀ ਨੇ ਪਹਿਲਾਂ ਦੁੱਧ ਵਾਲੇ ਡਰੰਮ ਦਾ ਢੱਕਣ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੋਰਾਨ ਇਕ ਗੋਲੀ ਮੇਰੀ ਲੱਤ ਵਿਚ ਵੱਜ ਗਈ। ਵਰਿੰਦਰ ਕੁਮਾਰ ਨੇ ਦੱਸਿਆ ਕਿ ਮੈਂ ਇਸ ਦੀ ਸ਼ਿਕਾਇਤ ਮੌਕੇ ’ਤੇ ਹੀ ਪੁਲਿਸ ਨੂੰ 100 ਨੰਬਰ ’ਤੇ ਕੀਤੀ ਤੇ ਸਥਾਨਕ ਪੁਲਿਸ ਨੇ ਮੌਕੇ ’ਤੇ ਹੀ ਪਹੁੰਚ ਕੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।