ਰਾਜਵੀਰ ਜਵੰਦਾ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਸ਼ਰਧਾਂਜਲੀ ਦਿੱਤੀ

ਜਗਰਾਉਂ, (ਲੁਧਿਆਣਾ), 17 ਅਕਤੂਬਰ (ਕੁਲਦੀਪ ਸਿੰਘ ਲੋਹਟ)-ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਨਾਮਵਰ ਕਲਾਕਾਰਾਂ, ਫਨਕਾਰਾਂ ਤੇ ਰਾਜਨੀਤਕ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਸਮਾਗਮ ਲਈ ਦੋ ਏਕੜ 'ਚ ਡੂਮ ਲਾਇਆ ਹੋਇਆ ਸੀ, ਜੋ ਭਰ ਗਿਆ ਤੇ ਰਾਜਵੀਰ ਦੇ ਪ੍ਰਸ਼ੰਸਕਾਂ ਲਈ ਛੋਟਾ ਪੈ ਗਿਆ। ਪ੍ਰਸ਼ਾਸਨ ਵਲੋਂ ਪਾਰਕਿੰਗ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ। ਸ਼ਰਧਾਂਜਲੀ ਸਮਾਗਮ ਦੌਰਾਨ ਰਸਭਿੰਨੇ ਕੀਰਤਨ ਨੇ ਹਾਜ਼ਰ ਸੰਗਤਾਂ ਨੂੰ ਇਕਸੁਰ ਕਰੀ ਰੱਖਿਆ। ਅਰਦਾਸ ਉਪਰੰਤ ਬੁਲਾਰਿਆਂ ਨੇ ਰਾਜਵੀਰ ਨੂੰ ਭਾਵਨਾਤਮਕ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਨ ਦੀ ਰਸਮ ਅਦਾ ਕਰਦਿਆਂ ਕੰਵਰ ਗਰੇਵਾਲ ਨੇ ਰਾਜਵੀਰ ਦੇ ਜੀਵਨ ਸੰਘਰਸ਼ ਅਤੇ ਨਿੱਜੀ ਜੀਵਨ 'ਤੇ ਸੰਖੇਪ ਰੂਪ 'ਚ ਚਾਨਣਾ ਪਾਇਆ।
ਇਸ ਮੌਕੇ ਕੈਬਨਿਟ ਮੰਤਰੀ ਜਗਦੇਵ ਸਿੰਘ ਖੁੱਡੀਆਂ ਨੇ ਰਾਜਵੀਰ ਦੇ ਭਰ ਜਵਾਨੀ ਵਿਚ ਹੋਏ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਰਾਜਵੀਰ ਨੇ ਹਾਲੇ ਹੋਰ ਬੁਲੰਦੀਆਂ ਨੂੰ ਸਰ ਕਰਨਾ ਸੀ ਪਰ ਇਹ ਦੁੱਖਦਾਈ ਭਾਣਾ ਵਾਪਰ ਗਿਆ। ਸ. ਖੁੱਡੀਆਂ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਜਵੰਦਾ ਦੀ ਢੁੱਕਵੀਂ ਯਾਦਗਾਰ ਉਸਾਰਨ ਦੀ ਮੰਗ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਖਿਆ ਕਿ ਇਸ ਸੰਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਲੈ ਕੇ ਆਏ ਹਨ ਤੇ ਇਸ ਸੁਨੇਹੇ ਵਿਚ ਮਾਣਯੋਗ ਮੁੱਖ ਮੰਤਰੀ ਵਲੋਂ ਰਾਜਵੀਰ ਦੀ ਯਾਦਗਾਰ ਬਣਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਮੌਕੇ ਰਾਜ ਸਭਾ ਮੈਂਬਰ ਬਿਕਰਮ ਸਾਹਨੀ ਨੇ ਰਾਜਵੀਰ ਨੂੰ ਪੰਜਾਬੀ ਸੰਗੀਤ ਦੇ ਅੰਬਰ ਦਾ ਧਰੂ ਤਾਰਾ ਦੱਸਿਆ। ਇਸ ਮੌਕੇ ਸਾਹਨੀ ਨੇ ਰਾਜਵੀਰ ਦੇ ਪਰਿਵਾਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਸਾਹਨੀ ਨੇ ਕਿਹਾ ਕਿ ਜੇਕਰ ਇਕ ਹਫਤੇ ਅੰਦਰ ਪੰਜਾਬ ਸਰਕਾਰ ਵਲੋਂ ਜਵੰਦਾ ਦੀ ਪਤਨੀ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਤਾਂ ਉਨ੍ਹਾਂ ਦੀ ਫਾਊਂਡੇਸ਼ਨ ਵਲੋਂ ਨੌਕਰੀ ਦਿੱਤੀ ਜਾਵੇਗੀ। ਸ. ਸਾਹਨੀ ਨੇ ਆਖਿਆ ਕਿ ਰਾਜਵੀਰ ਪੰਜਾਬ ਦਾ ਹੀਰਾ ਸੀ ਤੇ ਉਹ ਰਾਜਵੀਰ ਦੇ ਸੰਗੀਤ ਸੱਭਿਆਚਾਰਕ ਖੇਤਰ 'ਚ ਪਾਏ ਯੋਗਦਾਨ ਨੂੰ ਅਜਾਈਂ ਨਹੀਂ ਜਾਣ ਦੇਣਗੇ। ਇਸ ਮੌਕੇ ਗੁਰਦਾਸ ਮਾਨ, ਹਰਭਜਨ, ਬਲਕਾਰ ਅਣਖੀਲਾ, ਕੁਲਵਿੰਦਰ ਬਿੱਲਾ, ਗੁਰਭਜਨ ਗਿੱਲ, ਸੁੱਖੀ ਬਰਾੜ, ਹਰਫ ਚੀਮਾ, ਗੁਰਬਿੰਦਰ ਬਰਾੜ, ਪੂਰਨ ਚੰਦ ਵਡਾਲੀ, ਅਰਜਣ ਢਿੱਲੋਂ ਬੀਰ ਸਿੰਘ, ਬੂਟਾ ਮੁਹੰਮਦ, ਰੇਸ਼ਮ ਅਨਮੋਲ, ਸਤਿੰਦਰ ਸੱਤੀ, ਅਮਾਨਤ ਕੌਰ ਧੀ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਲਵਲੀ ਨਿਰਮਾਣ, ਪਿੰਕੀ ਧਾਲੀਵਾਲ, ਪ੍ਰੋ. ਕਰਮ ਸਿੰਘ ਸੰਧੂ, ਬੂਟਾ ਮੁਹੰਮਦ, ਸੁਰਜੀਤ ਖਾਨ, ਰਘਵੀਰ ਬੋਲੀ ਆਦਿ ਹਾਜ਼ਰ ਸਨ।