ਪਿੰਡ ਕੜਮਾਂ ਦੇ ਇਕ ਘਰ 'ਚ ਹੋਇਆ ਵੱਡਾ ਧਮਾਕਾ, ਇਕ ਔਰਤ ਜ਼ਖਮੀ

ਮਮਦੋਟ/ਫਿਰੋਜ਼ਪੁਰ, 17 ਅਕਤੂਬਰ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਦੇ ਪਿੰਡ ਕੜਮਾਂ ਵਿਚ ਇਕ ਦੁਕਾਨਦਾਰ ਦੇ ਘਰ ਧਮਾਕਾ ਹੋਣ ਕਾਰਨ ਘਰ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਮੁਢਲੀ ਜਾਣਕਾਰੀ ਮੁਤਾਬਕ ਪਿੰਡ ਕੜਮਾਂ ਵਿਚ ਕਰਿਆਨਾ ਅਤੇ ਘਰੇਲੂ ਲੋੜੀਂਦੇ ਸਾਮਾਨ ਦੀ ਦੁਕਾਨ ਕਰਦੇ ਕਾਲਾ ਨਾਮੀ ਵਿਅਕਤੀ ਵਲੋਂ ਆਪਣੇ ਘਰ ਵਿਚ ਰੱਖੇ ਕਿਸੇ ਧਮਾਕਾਖੇਜ਼ ਸਮੱਗਰੀ ਦੇ ਫਟਣ ਨਾਲ ਇਕ ਬੇਹੱਦ ਜ਼ੋਰਦਾਰ ਧਮਾਕਾ ਹੋਇਆ ਹੈ, ਜਿਸ ਨੂੰ ਸੁਣ ਕੇ ਪੂਰਾ ਪਿੰਡ ਦਹਿਲ ਗਿਆ। ਇਸ ਘਟਨਾ ਦੌਰਾਨ ਜਿਥੇ ਉਕਤ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਉਥੇ ਹੀ ਆਂਢ-ਗੁਆਂਢ ਦੇ ਘਰਾਂ ਦੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਮਮਦੋਟ ਪੁਲਿਸ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਧਮਾਕੇ ਸੰਬੰਧੀ ਪਿੰਡ ਦੇ ਕੁਝ ਲੋਕਾਂ ਵਲੋਂ ਇਹ ਦੱਸਿਆ ਗਿਆ ਹੈ ਕਿ ਉਕਤ ਦੁਕਾਨਦਾਰ ਨੇ ਦੀਵਾਲੀ ਦੇ ਤਿਉਹਾਰ ਕਾਰਨ ਦੁਕਾਨ ਉਤੇ ਵੇਚਣ ਲਈ ਪੋਟਾਸ਼ ਲਿਆ ਕੇ ਘਰ ਵਿਚ ਸਟੋਰ ਕੀਤਾ ਸੀ, ਜਿਸ ਕਾਰਨ ਇਹ ਧਮਾਕਾ ਹੋਇਆ ਹੈ। ਇਸ ਹਾਦਸੇ ਵਿਚ ਪਰਿਵਾਰ ਦੀ ਇਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਖ਼ਬਰ ਮਿਲੀ ਹੈ।