ਡੇਢ ਮਹੀਨੇ ਤੋਂ ਪਰਚੀਆਂ ਕੱਟਣ ਦੇ ਬਾਵਜੂਦ ਕਣਕ ਨਾ ਦੇਣ 'ਤੇ ਲੋਕਾਂ ਵਲੋਂ ਰੋਸ ਮੁਜ਼ਾਹਰਾ

ਚੋਗਾਵਾਂ/ਅੰਮ੍ਰਿਤਸਰ, 17 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਪਿਛਲੇ ਡੇਢ ਮਹੀਨੇ ਤੋਂ ਨੀਲੇ ਕਾਰਡ ਲਾਭਪਾਤਰੀਆਂ ਦੀਆਂ ਕਣਕ ਦੀਆਂ ਪਰਚੀਆਂ ਕੱਟਣ ਦੇ ਬਾਵਜੂਦ ਕਣਕ ਨਾ ਦੇਣ ਉਤੇ ਸਮੂਹ ਪਿੰਡ ਵਾਸੀਆਂ ਫੂਡ ਸਪਲਾਈ ਮਹਿਕਮੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਿੰਡ ਵਾਸੀ ਹਰਦੀਪ ਕੌਰ, ਪ੍ਰਕਾਸ਼ ਕੌਰ, ਹਰਜੀਤ ਕੌਰ, ਬਲਜੀਤ ਸਿੰਘ, ਸਰਬਜੀਤ ਕੌਰ, ਸਵਿੰਦਰ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ, ਤਸਬੀਰ ਸਿੰਘ, ਕੁਲਵਿੰਦਰ ਕੌਰ, ਮਨਜੀਤ ਸਿੰਘ, ਸਾਹਿਬ ਸਿੰਘ, ਸ਼ਰਨਜੀਤ ਕੌਰ, ਬੀਰ ਕੌਰ, ਮੇਜਰ ਸਿੰਘ, ਬਲਜਿੰਦਰ ਕੌਰ, ਹਰਪ੍ਰੀਤ ਕੌਰ, ਅਮਰਜੀਤ ਸਿੰਘ, ਜਸਪਾਲ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਹਰਜੀਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਕਣਕ ਦੀ ਸਪਲਾਈ ਪਿੰਡ ਭੁੱਲਰ ਦੇ ਡਿਪੂ ਹੋਲਡਰ ਨੂੰ ਦਿੱਤੀ ਗਈ ਹੈ, ਜਿਸ ਵਲੋਂ ਕਣਕ ਦੇਣ ਤੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਆਉਣ ਤੋਂ ਪਹਿਲਾਂ ਉਕਤ ਡਿਪੂ ਹੋਲਡਰ ਵਲੋਂ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ ਪਰ ਹੁਣ ਡੇਢ ਮਹੀਨਾ ਬੀਤਣ ਉਤੇ ਵੀ ਕਣਕ ਨਹੀਂ ਦਿੱਤੀ ਜਾ ਰਹੀ, ਜਿਸ ਦਾ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਗਰੀਬ ਪਰਿਵਾਰਾਂ ਨੂੰ ਕਣਕ ਨਾ ਵੰਡੀ ਗਈ ਤਾਂ ਉਹ ਫੂਡ ਸਪਲਾਈ ਮਹਿਕਮੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਡਿਪੂ ਹੋਲਡਰ ਹਰਿੰਦਰ ਸਿੰਘ ਭੁੱਲਰ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪਿੰਡ ਵਿਚ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ। ਮਹਿਕਮੇ ਵਲੋਂ ਅਜੇ ਤੱਕ ਕਣਕ ਨਹੀਂ ਭੇਜੀ ਗਈ। ਇਸ ਬਾਰੇ ਮਹਿਕਮੇ ਨੂੰ ਸੂਚਿਤ ਵੀ ਕਰਵਾਇਆ ਗਿਆ ਹੈ। ਜਦੋਂ ਵੀ ਕਣਕ ਆਉਂਦੀ ਹੈ ਤਾਂ ਗਰੀਬ ਪਰਿਵਾਰਾਂ ਨੂੰ ਵੰਡ ਦਿੱਤੀ ਜਾਵੇਗੀ।