JALANDHAR WEATHER

ਸ਼ਾਰਟ ਸਰਕਟ ਕਾਰਨ ਗਰੀਬ ਰਥ ਰੇਲਗੱਡੀ ਨੂੰ ਲੱਗੀ ਅੱਗ

 

ਫਤਿਹਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਹਾਰਸਾ ਜਾ ਰਹੀ ਗਰੀਬ ਰਥ ਰੇਲਗੱਡੀ ਦੀਆਂ ਤੋਂ ਤਿੰਨ ਬੋਗੀਆਂ ਨੂੰ ਅੱਜ ਸਵੇਰ ਵੇਲੇ ਉਸ ਸਮੇਂ ਅੱਗ ਲੱਗ ਗਈ, ਜਦੋਂ ਉਕਤ ਰੇਲਗੱਡੀ ਸਰਹੰਦ ਰੇਲਵੇ ਸਟੇਸ਼ਨ ਨੂੰ ਕਰਾਸ ਕਰਕੇ ਕਰੀਬ ਅੱਧਾ ਕਿਲੋ ਮੀਟਰ ਦੀ ਦੂਰੀ ’ਤੇ ਹੀ ਪਹੁੰਚ ਕੇ ਰੁਕ ਗਈ ਸੀ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹੰਦ ਦੇ ਐਸ. ਐਚ. ਓ. ਇੰਸਪੈਕਟਰ ਰਤਨ ਲਾਲ ਨੇ ਦੱਸਿਆ ਕਿ ਅਚਾਨਕ ਗੱਡੀ ਵਿਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ, ਜਿਸ ਨੂੰ ਵੇਖਦੇ ਹੀ ਡਰਾਈਵਰ ਨੇ ਤੁਰੰਤ ਗੱਡੀ ਰੋਕ ਦਿੱਤੀ ਅਤੇ ਜਿਵੇਂ ਹੀ ਪੁ‌ਲਿਸ ਦੀ ਗਸ਼ਤ ਪਾਰਟੀ ਨੂੰ ਰੇਲਗੱਡੀ ’ਚ ਅੱਗ ਲੱਗਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਦੇ ਸਾਰੇ ਸਟਾਫ਼ ਨੇ ਫ਼ੌਰੀ ਬਚਾਅ ਕਾਰਵਾਈ ਕਰਦੇ ਹੋਏ ਸਮੇਂ ਰਹਿੰਦਿਆਂ ਟਰੇਨ ਵਿਚ ਸਫਰ ਕਰ ਰਹੇ ਮੁਸਾਫਰਾਂ ਨੂੰ ਸਹੀ ਸਲਾਮਤ, ਸੁਰੱਖਿਅਤ ਬੋਗੀਆਂ ’ਚੋਂ ਬਾਹਰ ਕੱਢ ਲਿਆ ਅਤੇ ਪੁਲਿਸ ਜਵਾਨਾਂ ਦੀ ਮੁਸਤੈਦੀ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸੇ ਦੌਰਾਨ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਦੁਆਰਾ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਸ ਘਟਨਾ ਦੌਰਾਨ ਇਕ ਬੋਗੀ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਉਸ ਦੇ ਆਲੇ ਦੁਆਲੇ ਦੇ ਦੋ ਹੋਰ ਡੱਬੇ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ਦੀ ਸੂਚਨਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਟੀਮਾਂ ਵਲੋਂ ਬੋਗੀਆਂ ਵਿਚ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੌਰਾਨ ਪੂਰੇ ਖੇਤਰ ਵਿਚ ਅਫ਼ਰਾ ਤਫ਼ਰੀ ਮਚ ਗਈ ਪਰ ਰੇਲਵੇ ਸਟਾਫ਼ ਦੀ ਸੁਚੇਤਤਾ ਨਾਲ ਇਕ ਵੱਡੀ ਦੁੱਖਦਾਈ ਘਟਨਾ ਹੋਣ ਤੋਂ ਬਚ ਗਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ