ਪਾਕਿਸਤਾਨੀ ਹਵਾਈ ਹਮਲੇ ਵਿਚ ਤਿੰਨ ਅਫ਼ਗਾਨ ਕ੍ਰਿਕਟਰਾਂ ਦੀ ਮੌਤ- ਅਫ਼ਗਾਨਿਸਤਾਨ ਨੇ ਤਿਕੋਣੀ ਲੜੀ ਤੋਂ ਹੱਟਣ ਦਾ ਲਿਆ ਫ਼ੈਸਲਾ

ਕਾਬੁਲ, 18 ਅਕਤੂਬਰ- ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਨਾਲ ਹੋਣ ਵਾਲੀ ਆਗਾਮੀ ਤਿਕੋਣੀ ਲੜੀ ਤੋਂ ਹਟਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅਫਗਾਨ ਸਰਹੱਦ ਪਾਰ ਪਾਕਿਸਤਾਨ ਦੇ ਹਵਾਈ ਹਮਲੇ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿਚ ਤਿੰਨ ਕ੍ਰਿਕਟਰਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਪਕਤਿਕਾ ਸੂਬੇ ਦੇ ਉਰਗੁਨ ਅਤੇ ਬਰਮਲ ਜ਼ਿਲ੍ਹਿਆਂ ਵਿਚ ਹਵਾਈ ਹਮਲੇ ਕੀਤੇ, ਜਿਸ ਵਿਚ ਅੱਠ ਲੋਕ ਮਾਰੇ ਗਏ ਅਤੇ 10 ਤੋਂ ਵੱਧ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਦੋ ਬੱਚੇ ਅਤੇ ਤਿੰਨ ਕ੍ਰਿਕਟਰ ਸ਼ਾਮਿਲ ਹਨ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਅਫਗਾਨਿਸਤਾਨ ਕ੍ਰਿਕਟ ਬੋਰਡ ਪਕਤਿਕਾ ਸੂਬੇ ਦੇ ਉਰਗੁਨ ਜ਼ਿਲ੍ਹੇ ਦੇ ਬਹਾਦਰ ਕ੍ਰਿਕਟਰਾਂ ਦੀ ਸ਼ਹਾਦਤ ’ਤੇ ਡੂੰਘਾ ਸੋਗ ਪ੍ਰਗਟ ਕਰਦਾ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਸ਼ਾਸਨ ਦੁਆਰਾ ਇਕ ਕਾਇਰਤਾਪੂਰਨ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਏ.ਸੀ.ਬੀ. ਦੇ ਅਨੁਸਾਰ ਮਾਰੇ ਗਏ ਤਿੰਨ ਖਿਡਾਰੀ ਕਬੀਰ, ਸਿਬਘਾਤੁੱਲਾ ਅਤੇ ਹਾਰੂਨ, ਸ਼ਰਾਨਾ ਵਿਚ ਇਕ ਦੋਸਤਾਨਾ ਮੈਚ ਖੇਡਣ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਹਮਲਾ ਹੋਇਆ। ਏ.ਸੀ.ਬੀ. ਨੇ ਅੱਗੇ ਕਿਹਾ ਕਿ ਇਸ ਦੁਖਦਾਈ ਘਟਨਾ ਦੇ ਨਤੀਜੇ ਵਜੋਂ ਉਰਗੁਨ ਜ਼ਿਲ੍ਹੇ ਦੇ ਤਿੰਨ ਕ੍ਰਿਕਟਰਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਇਹ ਖਿਡਾਰੀ ਇਕ ਸਥਾਨਕ ਕ੍ਰਿਕਟ ਮੈਚ ਖੇਡ ਕੇ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ।
ਅਫ਼ਗਾਨਿਸਤਾਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਨਵੰਬਰ 2025 ਵਿਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਵਿਚ ਹਿੱਸਾ ਨਹੀਂ ਲਵੇਗਾ। ਇਸ ਲੜੀ ਵਿਚ ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਿਲ ਸਨ। ਏ.ਸੀ.ਬੀ. ਨੇ ਕਿਹਾ ਕਿ ਪੀੜਤਾਂ ਪ੍ਰਤੀ ਸਤਿਕਾਰ ਅਤੇ ਸੰਵੇਦਨਾ ਦੇ ਪ੍ਰਤੀਕ ਵਜੋਂ, ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਉਣ ਵਾਲੀ ਤਿਕੋਣੀ ਲੜੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਇਸ ਘਟਨਾ ਨੂੰ ਅਫਗਾਨ ਖੇਡ ਅਤੇ ਕ੍ਰਿਕਟ ਪਰਿਵਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।