ਉਤਰ ਪ੍ਰਦੇਸ਼: ਪੁਲਿਸ ਨਾਲ ਮੁਕਾਬਲੇ ’ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ

ਲਖਨਊ, 18 ਅਕਤੂਬਰ- ਅੱਜ ਸਵੇਰੇ ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਭਾਭੀਸਾ ਪਿੰਡ ਵਿਖੇ ਜੰਗਲ ਵਿੱਚ ਕੰਧਲਾ ਪੁਲਿਸ ਨਾਲ ਹੋਏ ਮੁਕਾਬਲੇ ਵਿਚ 100,000 ਰੁਪਏ ਦਾ ਇਨਾਮੀ ਹਿਸਟਰੀਸ਼ੀਟਰ ਨਫੀਸ ਮਾਰਿਆ ਗਿਆ। ਉਸ ਦੇ ਖ਼ਿਲਾਫ਼ 34 ਮਾਮਲੇ ਦਰਜ ਸਨ, ਜਿਨ੍ਹਾਂ ਵਿਚ ਡਕੈਤੀ, ਗੈਂਗਸਟਰਵਾਦ, ਕਤਲ ਦੀ ਕੋਸ਼ਿਸ਼ ਅਤੇ ਨਕਲੀ ਕਰੰਸੀ ਸ਼ਾਮਿਲ ਸਨ। ਉਹ ਤਿੰਨ ਮਾਮਲਿਆਂ ਵਿਚ ਲੋੜੀਂਦਾ ਸੀ। ਪੁਲਿਸ ਸੁਪਰਡੈਂਟ (ਐਸਪੀ) ਐਨ.ਪੀ. ਸਿੰਘ ਨੇ ਦੱਸਿਆ ਕਿ ਕੰਧਲਾ ਪੁਲਿਸ ਭਾਭੀਸਾ ਚੌਕੀ ’ਤੇ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਨੇ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਟੀਮ ’ਤੇ ਗੋਲੀਬਾਰੀ ਕੀਤੀ ਅਤੇ ਭੱਜ ਗਏ।
ਫਿਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸ਼ੱਕੀ ਜ਼ਖਮੀ ਹੋ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸਦਾ ਸਾਥੀ ਮੌਕੇ ’ਤੋਂ ਭੱਜ ਗਿਆ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਐਸ.ਪੀ. ਨੇ ਦੱਸਿਆ ਕਿ ਮਾਰਿਆ ਗਿਆ ਅਪਰਾਧੀ, ਨਫੀਸ ਕੰਧਲਾ ਦੇ ਮੁਹੱਲਾ ਖੇਲ ਦਾ ਰਹਿਣ ਵਾਲਾ ਸੀ ਅਤੇ ਪੁਲਿਸ ਸਟੇਸ਼ਨ ਵਿਚ ਹਿਸਟਰੀਸ਼ੀਟਰ ਸੀ। ਉਸ ਦੇ ਖ਼ਿਲਾਫ਼ 34 ਮਾਮਲੇ ਦਰਜ ਸਨ। ਉਸ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ, ਪਿਸਤੌਲ, ਰਿਵਾਲਵਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।