ਸੜਕ 'ਤੇ ਖਿਲਰੀਆਂ ਤਾਰਾਂ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜੰਡਿਆਲਾ ਗੁਰੂ , 19 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ )- ਅੱਜ ਜੰਡਿਆਲਾ ਗੁਰੂ ਦੇ ਤਰਨ ਤਾਰਨ ਵਾਲੇ ਬਾਈਪਾਸ ਨੇੜੇ ਇਕ ਵਿਅਕਤੀ ਦੀ ਮੋਟਰਸਾਈਕਲ 'ਤੇ ਆਉਂਦਿਆਂ ਰਾਤ ਸਮੇਂ ਸੜਕ 'ਤੇ ਡਿਗੇ ਖੰਭੇ ਦੀਆਂ ਖਿਲਰੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਜੋ ਨੇੜਲੇ ਪਿੰਡ ਜਾਣੀਆਂ ਦਾ ਰਹਿਣ ਵਾਲਾ ਸੀ ਅਤੇ ਪਿੰਡ ਮਾਨਾਂਵਾਲਾ ਨੇੜੇ ਇਕ ਸਕੂਲ ਵਿਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ ਜਦੋਂ ਉਹ ਅੱਜ ਤੜਕੇ ਆਪਣੀ ਡਿਊਟੀ ਤੋਂ ਮੋਟਰਸਾਈਕਲ 'ਤੇ ਆਪਣੇ ਘਰ ਪਿੰਡ ਜਾਣੀਆਂ ਨੂੰ ਜਾ ਰਿਹਾ ਸੀ ਤਾਂ ਜੰਡਿਆਲਾ ਗੁਰੂ ਦੇ ਬਾਈਪਾਸ ਤਰਨ ਤਾਰਨ ਰੋਡ 'ਤੇ ਕਿਸੇ ਵਾਹਨ ਨਾਲ ਵੱਜ ਕੇ ਡਿੱਗੇ ਪੋਲ ਦੀਆਂ ਖਿਲਰੀਆਂ ਤਾਰਾਂ ਵਿਚ ਵੱਜ ਕੇ ਸੜਕ 'ਤੇ ਡਿਗਣ ਕਾਰਨ ਦਰਦਨਾਕ ਮੌਤ ਹੋ ਗਈ ।
ਇਸ ਘਟਨਾਂ ਦਾ ਪਤਾ ਲੱਗਣ ਤੇ ਕਿਸਾਨ ਜਥੇਬੰਦੀ ਵੀ ਮੌਕੇ 'ਤੇ ਪੁੱਜੀ ਅਤੇ ਇਸ ਨੂੰ ਬਿਜਲੀ ਬੋਰਡ ਦੀ ਅਣਗਹਿਲੀ ਦੱਸਦਿਆਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮ੍ਰਿਤਕ ਜਸਪਾਲ ਸਿੰਘ ਦੀ ਦੇਹ ਟਰਾਲੀ 'ਤੇ ਬਿਜਲੀ ਬੋਰਡ ਦੇ ਦਫ਼ਤਰ ਜੰਡਿਆਲਾ ਗੁਰੂ ਦੇ ਬਾਹਰ ਲਿਜਾ ਕੇ ਧਰਨਾ ਲਗਾਉਣ ਦੀ ਤਿਆਰੀ ਕਰ ਲਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪੁੱਜ ਗਿਆ ਹੈ ।