ਪੂਜਾ ਪ੍ਰਸ਼ਾਦ ਖਾਣ ਤੋਂ ਬਾਅਦ 150 ਲੋਕ ਬਿਮਾਰ ,ਕਈਆਂ ਦੀ ਹਾਲਤ ਗੰਭੀਰ

ਪੱਛਮੀ ਮੇਦਿਨੀਪੁਰ , 19 ਅਕਤੂਬਰ - ਪੱਛਮੀ ਬੰਗਾਲ ਦੇ ਦਾਸਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਸੂਰਤਪੁਰ ਪਿੰਡ ਵਿਚ ਇਕ ਸਮੂਹਿਕ ਮਾਨਸਾ ਪੂਜਾ ਦੌਰਾਨ ਵੰਡਿਆ ਗਿਆ ਪ੍ਰਸ਼ਾਦ ਖਾਣ ਤੋਂ ਬਾਅਦ 150 ਤੋਂ ਵੱਧ ਲੋਕ ਅਚਾਨਕ ਬਿਮਾਰ ਹੋ ਗਏ। ਸਮੂਹਿਕ ਪੂਜਾ ਦੌਰਾਨ ਵੰਡੀ ਗਈ ਖਿਚੜੀ ਦੀ ਭੇਟ ਖਾਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਪਿੰਡ ਵਾਸੀਆਂ ਨੇ ਉਲਟੀਆਂ, ਦਸਤ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।
ਇਹ ਪੂਜਾ ਪਰੰਪਰਾਗਤ ਤੌਰ 'ਤੇ ਸੂਰਤਪੁਰ ਪਿੰਡ ਵਿਚ ਕੀਤੀ ਗਈ, ਜਿਵੇਂ ਕਿ ਇਹ ਹਰ ਸਾਲ ਹੁੰਦੀ ਹੈ। ਸੂਰਤਪੁਰ ਹੀ ਨਹੀਂ ਬਲਕਿ ਨੇੜਲੇ ਖਰਦਾ ਵਿਸ਼ਨੂੰਪੁਰ ਅਤੇ ਰੂਪਨਾਰਾਇਣਪੁਰ ਪਿੰਡਾਂ ਤੋਂ ਵੀ ਸੈਂਕੜੇ ਸ਼ਰਧਾਲੂ ਸ਼ਾਮਿਲ ਹੋਏ। ਅੰਦਾਜ਼ਾ ਲਗਾਇਆ ਗਿਆ ਹੈ ਕਿ 300 ਤੋਂ ਵੱਧ ਲੋਕਾਂ ਨੇ ਭੇਟ ਦਾ ਸੇਵਨ ਕੀਤਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋਣ ਲੱਗ ਪਏ। ਸਿਹਤ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਹ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਵੀ ਜਾਂਚ ਲਈ ਭੇਜੇ ਹਨ ਕਿ ਕੀ ਇਹ ਬਿਮਾਰੀ ਪ੍ਰਸ਼ਾਦ ਕਾਰਨ ਫੈਲੀ ਹੈ ਜਾਂ ਪਾਣੀ ਵਿਚ ਕਿਸੇ ਕਿਸਮ ਦੀ ਇਨਫੈਕਸ਼ਨ ਸੀ।