ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ
.jpg)

ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਪੁਰਾਤਨ ਰਵਾਇਤ ਅਨੁਸਾਰ ਅੱਜ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਤੋਂ ਜਾਣੂ ਕਰਵਾਇਆ, ਉਥੇ ਉਨ੍ਹਾਂ ਨੇ ਅਜੋਕੇ ਸਮੇਂ ਪੰਥਕ ਏਕਤਾ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਇਕ ਸਾਂਝਾ ਪਰਿਵਾਰ ਹੈ, ਇਸ ਲਈ ਸਾਡਾ ਇਕਜੁੱਟ ਰਹਿਣਾ ਮਹੱਤਵਪੂਰਨ ਹੈ। ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿਚ ਕੋਈ ਵੀ ਆਪਸੀ ਵਖਰੇਵਾਂ ਇੰਨਾ ਵੱਡਾ ਨਹੀਂ, ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ।
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਵਸਣ ਵਾਲੇ ਸਿੱਖ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਕਕਾਰ ਵੀ ਇਕੋ ਜਿਹੇ ਪਾਉਂਦੇ ਹਨ। ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ, ਇਸ ਤਰ੍ਹਾਂ ਕੌਮ ਵਿਚ ਅਜਿਹਾ ਕੋਈ ਵਖਰੇਵਾਂ ਨਹੀਂ ਸਗੋਂ ਸਿੱਖ ਕੌਮ ਖਾਲਸਾ ਪੰਥ ਇਕ ਸਾਂਝਾ ਪਰਿਵਾਰ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਸਮੇਤ ਹੋਰ ਪੰਥਕ ਸ਼ਖਸੀਅਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬਾਨ ਅਤੇ ਮੈਨੇਜਰ ਵੀ ਹਾਜ਼ਰ ਸਨ।