ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਵਿੱਤਰ ਪੁਰਬ ਦੀ ਦਿੱਤੀ ਵਧਾਈ

ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਾਵਨ ਪੁਰਬ ਉਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਖਾਲਸਾ ਪੰਥ ਅਤੇ ਸਮੁੱਚੇ ਪੰਜਾਬ ਸਮੇਤ ਸਭ ਨੂੰ ਇਸ ਦਿਹਾੜੇ ਉਤੇ ਵਧਾਈ ਦਿੱਤੀ ਹੈ। ਇਹ ਦਿਹਾੜਾ ਸਾਨੂੰ ਸਿੱਖ ਇਤਿਹਾਸ ਦੀ ਉਸ ਅਮਰ ਕਥਾ ਦੀ ਯਾਦ ਦਿਵਾਉਂਦਾ ਹੈ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੇਵਲ ਆਪਣੀ ਨਹੀਂ, ਸਗੋਂ 52 ਰਾਜਿਆਂ ਦੀ ਮੁਕਤੀ ਲਈ ਖੜ੍ਹੇ ਹੋ ਕੇ 'ਸਭ ਦੀ ਆਜ਼ਾਦੀ' ਦਾ ਸੁਨੇਹਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਆਓ ਇਸ ਪਵਿੱਤਰ ਮੌਕੇ ਉਤੇ ਆਪਣੇ ਮਨਾਂ ਤੇ ਘਰਾਂ ਵਿਚ ਪ੍ਰਕਾਸ਼ ਕਰੀਏ, ਨਾ ਸਿਰਫ ਦੀਵੇ ਦਾ, ਸਗੋਂ ਸੱਚ, ਨਿਆਂ ਅਤੇ ਮਨੁੱਖਤਾ ਦੇ ਪ੍ਰਕਾਸ਼ ਦਾ। ਉਨ੍ਹਾਂ ਕਿਹਾ ਕਿ ਜਿਥੇ ਹਿੰਦੂ ਧਰਮ ਇਸ ਪਾਵਨ ਦੀਵਾਲੀ ਦੇ ਦਿਹਾੜੇ ਨੂੰ ਦੇਸ਼ ਸਮੇਤ ਵਿਦੇਸ਼ਾਂ ਵਿਚ ਜਿਥੇ ਜਿਥੇ ਵੀ ਵੱਸਦੇ ਹਨ, ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ, ਉਥੇ ਸਿੱਖ ਧਰਮ ਵੀ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਉਂਦਾ ਹੈ।