ਆਨਲਾਈਨ ਧੋਖਾਧੜੀ ਕਰਨ ਵਾਲੇ ਗਰੋਹ ਦੇ 7 ਮੈਂਬਰ ਗ੍ਰਿਫ਼ਤਾਰ

ਭਦੋਹੀ (ਯੂ.ਪੀ.), 21 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਪੁਲਿਸ ਨੇ ਚੀਨ ਅਤੇ ਹਾਂਗਕਾਂਗ ਵਿਚ ਸਥਿਤ ਸਾਈਬਰ ਅਪਰਾਧੀਆਂ ਨਾਲ ਡੇਟਾ ਸਾਂਝਾ ਕਰਨ ਅਤੇ ਕਈ ਰਾਜਾਂ ਵਿਚ ਆਨਲਾਈਨ ਧੋਖਾਧੜੀ ਕਰਨ ਵਿਚ ਕਥਿਤ ਤੌਰ 'ਤੇ ਸ਼ਾਮਿਲ ਇਕ ਗਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀਆਂ ਜ਼ਿਲ੍ਹਾ ਸਾਈਬਰ ਪੁਲਿਸ ਦੀ ਇਕ ਟੀਮ ਨੇ ਰਾਸ਼ਟਰੀ ਰਾਜਮਾਰਗ 19 'ਤੇ ਗੋਪੀਗੰਜ ਨੇੜੇ ਇਕ ਸਥਾਨ ਤੋਂ ਕੀਤੀਆਂ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅੰਕੁਸ਼ ਸੋਨੀ (30), ਕਮਲੇਸ਼ ਕੁਮਾਰ ਭਦੋਹੀ (35), ਸ਼ਨੀ ਸਿੰਘ (28), ਅਵਧੇਸ਼ ਕੁਮਾਰ ਚੌਧਰੀ (31), ਰਾਹੁਲ ਪਾਸੀ (22), ਸ਼ਹਿਜ਼ਾਦ (30) ਅਤੇ ਸ਼ੋਇਬ ਅੰਸਾਰੀ (24) ਵਜੋਂ ਹੋਈ ਹੈ।
ਵਧੀਕ ਪੁਲਿਸ ਸੁਪਰਡੈਂਟ ਸ਼ੁਭਮ ਅਗਰਵਾਲ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨ.ਸੀ.ਆਰ.ਪੀ.) 'ਤੇ 100 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਹ ਗਰੋਹ ਗੈਰ-ਕਾਨੂੰਨੀ ਲੈਣ-ਦੇਣ ਲਈ ਲਗਭਗ 700 ਬੈਂਕ ਖਾਤੇ ਚਲਾਉਂਦਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ ਦੇ ਪੀੜਤ ਤਾਮਿਲਨਾਡੂ, ਤੇਲੰਗਾਨਾ, ਕੇਰਲ, ਕਰਨਾਟਕ, ਗੁਜਰਾਤ, ਰਾਜਸਥਾਨ ਅਤੇ ਬਿਹਾਰ ਵਰਗੇ ਰਾਜਾਂ ਨਾਲ ਸੰਬੰਧਿਤ ਹਨ। ਅਗਰਵਾਲ ਨੇ ਅੱਗੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੋਂ ਏ.ਪੀ.ਕੇ. ਫਾਈਲਾਂ, ਐਪਸ ਅਤੇ ਸਾਈਬਰ ਅਪਰਾਧ ਨਾਲ ਸੰਬੰਧਿਤ ਲਿੰਕਾਂ ਵਾਲੇ 10 ਮੋਬਾਇਲ ਫੋਨ, 10 ਕ੍ਰੈਡਿਟ ਅਤੇ ਡੈਬਿਟ ਕਾਰਡ ਅਤੇ ਕਈ ਬੈਂਕ ਪਾਸਬੁੱਕਾਂ ਜ਼ਬਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ 5 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਸਬੂਤ ਸਾਹਮਣੇ ਆਏ ਹਨ। ਮਾਮਲੇ ਦੀ ਵਿਸਥਾਰਤ ਜਾਂਚ ਜਾਰੀ ਹੈ।