ਪਿੰਡ ਧਗਾਣਾ ਵਿਖੇ ਲੜਾਈ ਦੌਰਾਨ ਗੋਲੀ ਲੱਗਣ ਕਾਰਨ ਔਰਤ ਮੈਂਬਰ ਪੰਚਾਇਤ ਦੀ ਮੌਤ

ਪੱਟੀ, 22 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)-ਹਲਕਾ ਪੱਟੀ ਦੇ ਪਿੰਡ ਧਗਾਣਾ ਵਿਖੇ ਪਟਾਕੇ ਅਤੇ ਉੱਚੀ ਆਵਾਜ਼ ਵਿਚ ਗਾਣੇ ਚਲਾਉਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੋਲੀ ਲੱਗਣ ਕਾਰਨ ਇਕ ਔਰਤ ਮੈਂਬਰ ਪੰਚਾਇਤ ਦੀ ਮੌਤ ਹੋ ਗਈ। ਪੱਟੀ ਸ਼ਹਿਰ ਦੇ ਨਜ਼ਦੀਕੀ ਪਿੰਡ ਧਗਾਣਾ ਵਿਖੇ ਰਾਤ ਕਰੀਬ 9:30 ਵਜੇ ਸਾਬਕਾ ਕਾਂਗਰਸੀ ਸਰਪੰਚ ਵਲੋਂ ਗੁਆਂਢ ਵਿਚ ਰਹਿੰਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਪੰਚਾਇਤ ਮਨਦੀਪ ਕੌਰ ਪਤਨੀ ਜਤਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿਚ ਜਦੋਂ ਮਨਦੀਪ ਕੌਰ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਥਾਣਾ ਸਦਰ ਪੱਟੀ ਵਿਪਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵਲੋਂ ਆਪਣੇ ਟਰੈਕਟਰ ਉੱਪਰ ਤੇਜ਼ ਆਵਾਜ਼ ਕਰਕੇ ਡੀ. ਜੇ. ਵਾਂਗ ਗਾਣੇ ਚਲਾਏ ਜਾ ਰਹੇ ਸਨ, ਜਿਸ ਦਾ ਵਿਰੋਧ ਨਜ਼ਦੀਕ ਰਹਿੰਦੇ ਜਤਿੰਦਰ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਕੀਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਵਲੋਂ 12 ਬੋਰ ਦੇ ਰਾਈਫਲ ਨਾਲ ਜਤਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਜਗਰੂਪ ਸਿੰਘ ਉੱਪਰ ਫਾਇਰ ਕੀਤਾ ਜੋ ਜਤਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜਾ ਲੱਗਾ। ਜ਼ਖਮੀ ਹਾਲਤ ਵਿਚ ਖੂਨ ਨਾਲ ਲੱਥਪੱਥ ਮਨਦੀਪ ਕੌਰ ਨੂੰ ਤੁਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਐਸ. ਐਚ. ਓ. ਥਾਣਾ ਸਦਰ ਪੱਟੀ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਔਰਤਾਂ ਅਤੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।