ਪਿੰਡ ਖਿਆਲਾ ਨੇੜਿਓਂ ਨੌਜਵਾਨ ਦੀ ਭੇਤਭਰੀ ਹਾਲਤ 'ਚ ਮਿਲੀ ਲਾਸ਼

ਰਾਮ ਤੀਰਥ, 22 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਤੋਂ ਬਰਾੜ ਰੋਡ 'ਤੇ ਪੈਂਦੇ ਨਖਾਸੂ ਨੇੜਿਓਂ ਝੋਨੇ ਦੇ ਖੇਤ ਵਿਚੋਂ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਮ ਤੀਰਥ ਚੌਕੀ ਦੇ ਇੰਚਾਰਜ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਰਸਾਲ ਸਿੰਘ (ਉਮਰ 30-32 ਸਾਲ) ਵਾਸੀ ਬਰਾੜ ਵਜੋਂ ਹੋਈ ਹੈ। ਪਿੰਡ ਬਰਾੜ ਦੇ ਸਰਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਐਸ.ਸੀ. ਭਾਈਚਾਰੇ ਨਾਲ ਸੰਬੰਧਿਤ ਉਕਤ ਨੌਜਵਾਨ ਰਾਜਗਿਰੀ ਦਾ ਕੰਮ ਕਰਦਾ ਸੀ ਅਤੇ ਤਿੰਨ ਬੱਚਿਆਂ ਦਾ ਬਾਪ ਸੀ। ਉਸ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੂੰ ਕਿਸੇ ਵਲੋਂ ਕਤਲ ਕਰਕੇ ਲਾਸ਼ ਨੂੰ ਨਖਾਸੂ ਦੇ ਨੇੜੇ ਝੋਨੇ ਦੇ ਖੇਤਾਂ ਵਿਚ ਸੁੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਵਿਖੇ ਕੰਮ ਕਰਦਾ ਸੀ ਅਤੇ ਕੱਲ੍ਹ ਸ਼ਾਮ ਤੋਂ ਹੀ ਗਾਇਬ ਸੀ, ਜਿਸ ਦੀ ਅੱਜ ਲਾਸ਼ ਬਰਾਮਦ ਹੋਈ ਹੈ।