ਡਾ. ਨਾਨਕ ਸਿੰਘ ਰੋਪੜ ਰੇਂਜ ਦੇ ਨਵੇਂ ਡੀ.ਆਈ.ਜੀ. ਨਿਯੁਕਤ
ਚੰਡੀਗੜ੍ਹ, 22 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਰਕਾਰ ਨੇ ਅੱਜ ਪੁਲਿਸ ਵਿਭਾਗ ਵਿਚ ਤਬਾਦਲੇ ਕਰਦਿਆਂ ਰੋਪੜ ਰੇਂਜ ਦੇ ਡੀ.ਆਈ.ਜੀ. ਐਚ.ਐੱਸ. ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਖਾਲੀ ਹੋਈ ਅਹਿਮ ਜ਼ਿੰਮੇਵਾਰੀ ਨਵੀਂ ਤਾਇਨਾਤੀ ਨਾਲ ਭਰੀ ਹੈ। ਡਾ. ਨਾਨਕ ਸਿੰਘ, ਜੋ ਕਿ ਇਸ ਤੋਂ ਪਹਿਲਾਂ ਬਾਰਡਰ ਰੇਂਜ ਦੇ ਡੀ.ਆਈ.ਜੀ. ਸਨ, ਨੂੰ ਹੁਣ ਰੋਪੜ ਰੇਂਜ ਦਾ ਡੀ.ਆਈ.ਜੀ. ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਦੀਪ ਗੋਇਲ ਨੂੰ ਬਾਰਡਰ ਰੇਂਜ ਦਾ ਨਵਾਂ ਡੀ.ਆਈ.ਜੀ. ਬਣਾਇਆ ਗਿਆ ਹੈ।
ਐਚ.ਐੱਸ. ਭੁੱਲਰ ਨੂੰ ਕੁਝ ਦਿਨ ਪਹਿਲਾਂ ਸੀ.ਬੀ.ਆਈ. ਵਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ਨੇ ਪੁਲਿਸ ਵਿਭਾਗ ਵਿਚ ਹਲਚਲ ਪੈਦਾ ਕਰ ਦਿੱਤੀ ਸੀ ਅਤੇ ਸਰਕਾਰ ‘ਤੇ ਨਵੀਆਂ ਨਿਯੁਕਤੀਆਂ ਦੀ ਜ਼ਰੂਰਤ ਬਣ ਗਈ ਸੀ। ਡਾ. ਨਾਨਕ ਸਿੰਘ ਨੂੰ ਇਕ ਕਾਬਲ ਅਫਸਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪਹਿਲਾਂ ਵੀ ਕਈ ਮਹੱਤਵਪੂਰਨ ਜ਼ਿਲ੍ਹਿਆਂ ‘ਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਦੀ ਤਾਇਨਾਤੀ ਰੋਪੜ ਰੇਂਜ ਵਿਚ ਵਿਵਸਥਾ ਮੁੜ ਸਥਾਪਤ ਕਰਨ ਅਤੇ ਵਿਭਾਗੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਕੀਤੀ ਗਈ ਹੈ। ਉੱਧਰ ਬਾਰਡਰ ਰੇਂਜ ਦੇ ਨਵੇਂ ਡੀ.ਆਈ.ਜੀ. ਵਜੋਂ ਸੰਦੀਪ ਗੋਇਲ ਨੂੰ ਦਿੱਤੀ ਜ਼ਿੰਮੇਵਾਰੀ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਖੇਤਰ ਸਰਹੱਦੀ ਸੁਰੱਖਿਆ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਦੇ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਹ ਤਬਾਦਲੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਾਸਤੇ ਕੀਤੇ ਗਏ ਹਨ।